Punjve’n Patshah Guru Arjan Sahib Ji – Part – 27 – 13-7-26

“ਨਾਨਕ ਭਗਤਾ ਭੁਖ ਸਾਲਾਹਣੁ” –ਹੱਥਲੇ ਮਜ਼ਮੂਨ ਤੋਂ ਥੋੜਾ ਪਾਸੇ ਹੱਟ ਕੇ, ਸਾਨੂੰ ਇਹ ਸਮਝਣ ਦੀ ਵੀ ਲੋੜ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਗੁਰਦੇਵ ਨੇ ਭਗਤ ਬਾਣੀ ਲਈ ਜੋ ਸਿਰਲੇਖ ‘ਬਾਣੀ ਭਗਤਾਂ ਕੀ’ ਕਰਕੇ ਵਰਤਿਆ ਹੈ। ਉਥੇ ਵੀ ਲਫ਼ਜ਼ ਭਗਤ, ਮਨੁੱਖਾ ਜੀਵਨ ਦੀ ਕਿਸੇ ਖਾਸ ਅਵਸਥਾ ਤੱਕ ਪੁੱਜ ਚੁੱਕੇ ਮਨੁੱਖਾਂ ਲਈ ਹੀ ਹੈ। ਉਥੇ ਵੀ ਲਫ਼ਜ਼ ‘ਭਗਤ’, ਪੁਰਾਤਨ ਸਮੇਂ ਤੋਂ ਵਰਤੇ ਜਾ ਰਹੇ ਲਫ਼ਜ਼ ਭਗਤ ਵਾਲੇ ਅਰਥਾਂ `ਚ ਨਹੀਂ।

ਠੀਕ ਹੈ ਕਿ ਇਹਨਾ ਗੁਰਬਾਣੀ ਵਿਚਲੇ ੧੫ ਭਗਤਾਂ ਤੋਂ ਬਾਹਰ, ਪੁਰਾਨੇ ਸਮੇਂ ਤੋਂ ਭਗਤਾਂ ਲਈ ਚਲਦੀ ਆ ਰਹੀ ਸ਼ਬਦਾਵਲੀ ਤੇ ਪ੍ਰੀਭਾਸ਼ਾ ਅਨੁਸਾਰ ਕਈ ਸ੍ਰੇਸ਼ਟ ਮਨੁੱਖ ਵੀ ਹੋ ਸਕਦੇ ਤੇ ਹੋਏ ਵੀ ਹੋਣ ਗੇ। ਫ਼ਿਰ ਵੀ ਪੁਰਾਤਨ ਸਮੇਂ ਅਖਵਾਏ ਜਾ ਰਹੇ ਭਗਤਾਂ ਵਿਚਕਾਰ ਬਹੁਤੇ ਭਗਤ ਉਹ ਵੀ ਹਨ ਜਿਨ੍ਹਾਂ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ “ਇਕਿ ਮੂਲੁ ਨ ਬੁਝਨਿੑ ਆਪਣਾ ਅਣਹੋਦਾ ਆਪੁ ਗਣਾਇਦੇ” (ਪੰ: ੪੬੮) ਅਤੇ ਉਹਨਾਂ ਬਾਰੇ ਇਥੋਂ ਤੱਕ ਵੀ ਫ਼ੁਰਮਾਇਆ ਹੈ “ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀੑ ਧਾਵਦੇ” (ਪੰ: ੪੬੮)। ਦਰਅਸਲ ਗੱਲ ਇਥੇ ਵੀ ਉਹੀ ਤੇ ਗੁਰਬਾਣੀ ਵਿਚਲੇ ਗੁਰੂ ਪਦ ਵਾਲੀ ਹੀ ਹੈ। ਇਸ ਲਈ ਜਦੋਂ ਅਸੀਂ ਗਰਬਾਣੀ ਅੰਦਰੋਂ ਭਗਤ ਬਾਣੀ ਦਾ ਸਿਰਲੇਖ ‘ਬਾਣੀ ਭਗਤਾਂ ਕੀ’ ਪੜਦੇ ਹਾਂ ਤਾਂ ਉਥੇ ਵੀ, ਗੁਰੂ ਕੇ ਸਿੱਖ ਹੋਣ ਦੇ ਨਾਤੇ ਬਹੁਤ ਸੁਚੇਤ ਹੋ ਕੇ ਚਲਣ ਦੀ ਲੋੜ ਹੈ, ਜਿਵੇਂ ਕਿ ਗੁਰਬਾਣੀ ਵਿਚਲੇ ਗੁਰੂ ਪਦ ਬਾਰੇ।

ਇਸ ਸਬੰਧੀ ਇਸ ਵਿਸ਼ੇ `ਤੇ ਇਹ ਵੀ ਸਮਝਣਾ ਹੈ ਕਿ, ਗੁਰਦੇਵ ਨੇ ਗੁਰਬਾਣੀ `ਚ ਪ੍ਰਵਾਣਤ ਭਗਤਾਂ ਦੇ ਜੀਵਨ ਦੀ ਉਸ ਅਵਸਥਾ ਲਈ ਇਹ ਗੁਰਬਾਣੀ ਆਧਾਰਤ ਲਫ਼ਜ਼ ਭਗਤ ਵਰਤਿਆ ਹੈ ਜਦੋਂ ਉਹਨਾਂ ਦੇ ਜੀਵਨ ਸਚਮੁਚ “ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ” (ਪੰ: ੪੬੫) ਅਥਵਾ “ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਵਾਲੇ ਗੁਰਬਾਣੀ ਫ਼ੁਰਮਾਨ ਦੀ ਕਸਵਟੀ `ਤੇ ਪੂਰੇ ਉਤਰ ਰਹੇ ਸਨ। ਇਤਨਾ ਹੀ ਨਹੀਂ, ਉਸ ਸਮੇਂ ਤੇ ਉਹਨਾਂ ਰਾਹੀਂ ਪ੍ਰਾਪਤ ਹੋ ਚੁੱਕੀ ਜੀਵਨ ਦੀ ਇਸੇ ਅਵਸਥਾਂ ਲਈ ਹੀ ਗੁਰਦੇਵ ਨੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਗਾਇਆ ਤੇ ਆਪਣੀ ਬਰਾਬਰੀ ਤੱਕ ਵੀ ਦਿੱਤੀ।

ਉਹ ਇਸ ਲਈ ਕਿ ਉਸ ਸਮੇਂ ਉਹਨਾਂ ਰਾਹੀਂ ਪ੍ਰਪਤ ਜੀਵਨ ਦੀ ਅਵਸਥਾ ਦੀ ਕਸਵਟੀ, ਗੁਰਬਾਣੀ ਹੀ ਬਣ ਚੁੱਕੀ ਸੀ। ਉਹ ਕਸਵਟੀ ਜਿਸ ਦੇ ਲਈ ਗੁਰਬਾਣੀ ਫ਼ੁਰਮਾਨ ਹਨ “ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰਿ ਭਗਵੰਤਾ” (ਪੰ: ੧੧) ਹੋਰ “ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ” (ਪੰ: ੪੬੮) ਪੁਨ: “ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ” (ਬਾਣੀ ਜਪੁ) ਅਤੇ ਜਿਨ੍ਹਾਂ ਭਗਤਾਂ ਦੇ ਜੀਵਨ ਬਾਰੇ ਗੁਰਬਾਣੀ ਦਾ ਇਥੋਂ ਤੱਕ ਫ਼ੈਸਲਾ ਹੈ “ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ॥ ੧੪॥ (ਪੰ: ੯੧੮) ਅਤੇ ਇਸ ਵਿਸ਼ੇ `ਤੇ ਹੋਰ ਅਨੇਕਾਂ ਗੁਰਬਾਣੀ ਪ੍ਰਮਾਣ। (ਚਲਦਾ)

You may also like these