ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ
ਸ਼ਾਹੀ ਦਰਬਾਰ ਦੇ ਦੁਆਰ 'ਤੇ ਪਹੁੰਚ ਕੇ ਉਨ੍ਹਾਂ ਵੇਖਿਆ ਕਿ ਉਥੋਂ ਦਾ ਵੱਡਾ ਦਰਵਾਜ਼ਾ ਬੰਦ ਹੈ ਤੇ ਅੰਦਰ ਦਾਖਲ ਹੋਣ ਲਈ ਇੱਕ ਛੋਟਾ ਜਿਹਾ ਖਿੜਕੀਨੁਮਾ ਦਰਵਾਜ਼ਾ ਹੀ ਖੁਲ੍ਹਾ ਹੈ। ਦੋਵੇਂ ਸਾਹਿਬਜ਼ਾਦੇ ਖੇਡੀ ਜਾ ਰਹੀ ਚਾਲ ਨੂੰ ਝੱਟ ਹੀ ਭਾਂਪ ਗਏ। ਉਨ੍ਹਾਂ ਨੇ ਪਹਿਲਾਂ ਆਪਣੇ ਪੈਰ ਦਰਵਾਜ਼ੇ ਦੇ ਅੰਦਰ ਕੀਤੇ ਅਤੇ ਬਿਨਾ ਆਪਣਾ ਸਿਰ ਝੁਕਾਏ, ਉਸ ਛੋਟੇ ਜਿਹੇ ਦਰਵਾਜ਼ੇ ਤੋਂ ਕੁੱਦ ਕੇ ਅੰਦਰ ਵੱਲ ਦਾਖ਼ਲ ਹੋ ਗਏ। ਦਰਬਾਰ ਵਿੱਚ ਦਾਖ਼ਲ ਹੁੰਦਿਆਂ ਹੀ ਦੋਵਾਂ ਨੇ ਗੱਜ ਕੇ ਫ਼ਤਿਹ ਬੁਲਾਈ : ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ ।। ਦਰਬਾਰ ਵਿੱਚ ਬੈਠੇ ਸਾਰੇ ਲੋਕ ਉਨ੍ਹਾਂ ਦੋਵਾਂ ਦੀ ਨਿਡਰਤਾ ਤੋਂ ਬਹੁਤ ਪ੍ਰਭਾਵਤ ਹੋਏ। ਨਵਾਬ ਵਜ਼ੀਰ ਖ਼ਾਨ ਨੇ ਉਨ੍ਹਾਂ ਦੋਵਾਂ ਫਿਰ ਲਾਲਚ ਦਿੱਤੇ ਕਿ ਉਹ ਜੋ ਵੀ ਕਹਿਣਗੇ, ਉਨ੍ਹਾਂ ਨੂੰ ਦੇ ਦਿੱਤਾ ਜਾਵੇਗਾ ਜੇ ਉਹ ਆਪਣਾ ਧਰਮ ਤਬਦੀਲ ਕਰ ਲੈਂਦੇ ਹਨ। ਇਹ ਸੁਣਦਿਆਂ ਹੀ ਦੋਵੇਂ ਸਾਹਿਬਜ਼ਾਦੇ ਇਕਦਮ ਗਰਜ ਪਏ, “ਸਾਨੂੰ ਕਿਸੇ ਦੁਨਿਆਵੀ ਐਸ਼ੋ-ਆਰਾਮ ਦੀ ਲੋੜ ਨਹੀਂ। ਅਸੀਂ ਕਿਸੇ ਕੀਮਤ 'ਤੇ ਵੀ ਆਪਣੇ ਧਰਮ ਨੂੰ ਨਹੀਂ ਛੱਡਾਂਗੇ।” ਨਵਾਬ ਨੇ ਉਨ੍ਹਾਂ ਨੂੰ ਫਿਰ ਸਮਝਾਉਂਦਿਆਂ ਕਿਹਾ, “ਤੁਸੀਂ ਅਜੇ ਛੋਟੇ ਤੇ ਮਾਸੂਮ ਹੋ| ਅਜੇ ਤੁਹਾਡੀ ਖੇਡਣ ਤੇ ਅਨੰਦ ਮਾਣਨ ਦੀ ਉਮਰ ਹੈ। ਜੇ ਤੁਸੀਂ ਸਾਡੀ ਸਲਾਹ ਮੰਨ ਲੈਂਦੇ ਹੋ ਤਾਂ ਤੁਸੀਂ ਆਪਣੀ ਮਰਜ਼ੀ ਅਨੁਸਾਰ ਇਸ ਦੁਨੀਆ ਦੇ ਸਾਰੇ ਸੁਖ ਪਾਵੋਗੇ ਅਤੇ ਜੱਨਤ ਵਿੱਚ ਵੀ ਅਨੰਦ ਮਾਣੋਗੇ।” ਪਰ ਦੋਵੇਂ ਸਾਹਿਬਜ਼ਾਦੇ ਆਪਣੇ ਧਰਮ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਨੂੰ ਪੂਰੀ ਤਰ੍ਹਾਂ ਤਿਆਰ ਸਨ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਨਿਧੱੜਕ ਹੋ ਕੇ ਕਿਹਾ, “ਅਸੀਂ ਅਨਿਆਂ ਤੇ ਜ਼ੁਲਮ ਦੇ ਖ਼ਿਲਾਫ਼ ਲੜ ਰਹੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ, ਗੁਰੂ ਤੇਗ਼ ਬਹਾਦਰ ਜੀ ਦੇ ਪੋਤਰੇ ਅਤੇ ਗੁਰੂ ਅਰਜਨ ਦੇਵ ਜੀ ਦੇ ਵਾਰਸ ਹਾਂ। ਅਸੀਂ ਉਨ੍ਹਾਂ ਦੇ ਦਰਸਾਏ ਪੂਰਨਿਆਂ 'ਤੇ ਹੀ ਚਲਾਂਗੇ। ਅਸੀਂ ਆਪਣੇ ਧਰਮ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ।” ਉਸੇ ਸਮੇਂ ਦੀਵਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਕੋਲ ਜਾ ਕੇ ਕਿਹਾ, “ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕਿੱਥੇ ਜਾਓਗੇ ?'' ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ, “ਅਸੀਂ ਜੰਗਲਾਂ ਵਿੱਚ ਜਾਵਾਂਗੇ, ਕੁਝ ਸਿੱਖਾਂ ਨੂੰ ਇਕੱਠਿਆਂ ਕਰਾਂਗੇ, ਚੰਗੇ ਘੋੜਿਆਂ ਦਾ ਪ੍ਰਬੰਧ ਕਰਾਂਗੇ ਅਤੇ ਫਿਰ ਵਾਪਸ ਆ ਕੇ ਤੁਹਾਡਾ ਤੇ ਤੁਹਾਡੀ ਫ਼ੌਜ ਦਾ ਮੈਦਾਨ-ਏ-ਜੰਗ ਵਿੱਚ ਸਾਹਮਣਾ ਕਰਾਂਗੇ।” ਦੀਵਾਨ ਸੁੱਚਾ ਨੰਦ ਨੂੰ ਇਹ ਜਵਾਬ ਸੁਣ ਕੇ ਕਰੜਾ ਝਟਕਾ ਲੱਗਾ ਅਤੇ ਉਸਨੇ ਨਵਾਬ ਨੂੰ ਕਿਹਾ, “ਜਨਾਬ, ਇਹ ਦੋਵੇਂ ਬੱਚੇ ਵੱਡੇ ਹੋ ਕੇ ਸਰਕਾਰ ਦੇ ਵਿਰੁੱਧ ਵਿਦਰੋਹ ਕਰਨਗੇ। ਇਸ ਲਈ ਇਨ੍ਹਾਂ ਨੂੰ ਹੁਣੇ ਹੀ ਸਜ਼ਾ ਦੇ ਦੇਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਛੱਡਣਾ ਨਹੀਂ ਚਾਹੀਦਾ।” ਦੋਵੇਂ ਸਾਹਿਬਜ਼ਾਦੇ ਬਹੁਤ ਹੀ ਅਨੰਦ-ਪ੍ਰਸੰਨ ਸਨ, ਇੱਕ-ਦੂਜੇ ਨਾਲ ਨਿਧੱੜਕ ਹੋ ਕੇ ਗੱਲਾਂ ਕਰ ਰਹੇ ਸਨ ਅਤੇ ਸ਼ਾਹੀ ਦਰਬਾਰ ਦੀਆਂ ਕਾਰਵਾਈਆਂ ਤੋਂ ਬਿਲਕੁਲ ਬੇਫ਼ਿਕਰ ਸਨ। ਦਰਬਾਰ ਵਿੱਚ ਮੌਜੂਦ ਲੋਕ ਬਹੁਤ ਹੈਰਾਨ ਸਨ ਕਿ ਉਨ੍ਹਾਂ ਦੋਵਾਂ ਦੇ ਚਿਹਰਿਆਂ 'ਤੇ ਕਿਸੇ ਕਿਸਮ ਦੇ ਖ਼ੌਫ਼ ਜਾਂ ਹੈਰਾਨੀ ਦੇ ਕੋਈ ਭਾਵ ਨਹੀਂ ਹਨ, ਕਿਉਂਕਿ ਇਹ ਉਨ੍ਹਾਂ ਦੋਵਾਂ ਲਈ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ। ਪਰ ਇਸ ਸਭ ਦੇ ਬਾਵਜੂਦ ਉਹ ਦੋਵੇਂ ਅਡੋਲ ਬਣੇ ਰਹੇ ਅਤੇ ਅਖੀਰ 11 ਦਸੰਬਰ 1705 ਨੂੰ, ਉਨ੍ਹਾਂ ਦੋਵਾਂ ਨੂੰ ਜਿਉਂਦਿਆਂ ਦੀਵਾਰਾਂ ਵਿੱਚ ਚਿਣਵਾਏ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਸਜ਼ਾ ਬਾਰੇ ਸੁਣਦਿਆਂ ਹੀ ਭਾਵੇਂ ਸਾਰੇ ਦਰਬਾਰੀਆਂ ਨੂੰ ਭਾਰੀ ਧੱਕਾ ਵੱਜਾ, ਪਰ ਦੋਵਾਂ ਸਾਹਿਬਜ਼ਾਦਿਆਂ ਨੇ ਬਿਨਾ ਕਿਸੇ ਸ਼ਿਕਨ ਜਾਂ ਵਿਆਕੁਲਤਾ ਦੇ ਇਸ ਸਜ਼ਾ ਨੂੰ ਸੁਣਿਆ। ਉਥੇ ਮੌਜੂਦ ਮਲੇਰਕੋਟਲਾ ਦੇ ਨਵਾਬ, ਸ਼ੇਰ ਮੁਹੰਮਦ ਖ਼ਾਨ ਨੇ ਇਸ ਮੌਤ ਦੀ ਸਜ਼ਾ ਦੇ ਖ਼ਿਲਾਫ਼ ਅਪੀਲ ਕੀਤੀ ਕਿ ਐਨੀ ਭਾਰੀ ਸਜ਼ਾ ਲਈ ਇਹ ਬੱਚੇ ਅਜੇ ਬਹੁਤ ਛੋਟੇ ਹਨ ਅਤੇ ਪਿਤਾ ਦੇ ਕਿਸੇ ਕਾਰਜ ਲਈ ਇਨ੍ਹਾਂ ਬੱਚਿਆਂ ਨੂੰ ਕਿਸੇ ਹਾਲ ਵਿੱਚ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਪਰ ਨਵਾਬ ਵਜ਼ੀਰ ਖ਼ਾਨ ਨੇ ਉਨ੍ਹਾਂ ਵੱਲੋਂ ਚੁੱਕੇ ਗਏ ਇਤਰਾਜ਼ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਸਾਹਿਬਜ਼ਾਦਿਆਂ ਨੂੰ ਵਾਪਸ ਬੁਰਜ ਵਿੱਚ ਭੇਜ ਦਿੱਤਾ ਗਿਆ।