ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
ਭਾਗ-2
ਸਾਨੂੰ ਖੋਜ ਕਰਦਿਆਂ ਬਿਰਧ- ਬਜੁਰਗਾਂ ਤੋਂ ਪਤਾ ਲੱਗਾ ਕਿ ਸਰਸਾ ਨਦੀ ਨੂੰ ਕੋਈ ਵੀ ਬੇੜੀ ਵਿੱਚ ਦੀ ਲੰਘਣ ਵਾਲਾ ਪੱਤਣ ਹੁਣ ਜਾਂ ਪੁਰਾਣਾ ਕਾਗਜਾਂ ਵਿੱਚ ਨਹੀਂ ਹੈ। ਪਹਾੜਾਂ ਵਿੱਚ ਜਦੋਂ ਵੀ ਭਾਰੀ ਮੀਂਹ ਪੈਂਦਾ ਤਾਂ ਸਰਸਾ ਵਿੱਚ ਹੜ੍ਹ ਆ ਜਾਂਦਾ, ਇਹ ਆਪਣਾ ਭਿਆਨਕ ਰੂਪ ਦਿਖਾ ਜਾਂਦੀ ਹੈ। ਉਵੇਂ ਇਸ ਨੂੰ ਲੰਘਣ ਲਈ ਬੇੜੀ ਦੀ ਜਰੂਰਤ ਨਹੀਂ ਸੀ ਪੈਂਦੀ, ਲੋਕਾਂ ਨੇ ਆਮ ਲਾਂਘੇ ਬਣਾਏ ਹੋਏ ਸੀ। ਸਾਨੂੰ ਇਸ ਖੋਜ ਵਿੱਚ ਪੱਤਣ ਦੇ ਮਲਾਹ ਜੋ ਪੱਤਣ ਦੇ ਠੇਕੇ ਲੈਂਦੇ ਰਹੇ ਨੇ, ਅੱਸੀ-ਪਚਾਸੀ ਸਾਲ ਦੇ ਬਜੁਰਗਾਂ ਨੇ ਬਹੁਤ ਜਾਣਕਾਰੀ ਦਿੱਤੀ।
ਗੁਰਦੁਆਰਾ ਪਰਿਵਾਰ ਵਿਛੋੜੇ ਤੋਂ ਲੈ ਕੇ ਸਰਸਾ ਨੂੰ ਦੋਨੋ ਪਾਸਿਆਂ ਤੋਂ ਪੈਦਲ ਜਾ ਕੇ ਚੰਗੀ ਤਰ੍ਹਾਂ ਦੇਖ ਕੇ ਅਸੀਂ ਇਸ ਨਤੀਜੇ ‘ਤੇ ਪਹੁੰਚੇ ਹਾਂ ਕਿ ਜਿੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਪਰਿਵਾਰ ਨਾਲੋਂ ਵਿੱਛੜ ਕੇ ਪਹਿਲੀ ਰਾਤ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਕੱਟੀ, ਉਹ ਥਾਂ ਪਿੰਡ ਚੱਕ ਢੇਰਾ ਵਾਲੇ ਪੱਤਣ ਵਾਲੀ ਹੀ ਸਤਲੁਜ ਕਿਨਾਰੇ ਹੈ। ਇਸ ਪੱਤਣ ਤੋਂ ਪੁਰਾਣਾ ਰਸਤਾ ਪਿੰਡ ਲੋਦੀ ਮਾਜਰੇ ਵਿੱਚ ਦੀ ਹੁੰਦਾ ਹੋਇਆ ਰੋਪੜ ਪਹੁੰਚ ਜਾਂਦਾ ਹੈ। ਹੁਣ ਦੇ ਪੱਕੇ ਰਸਤੇ ਰੋਪੜ ਤੋਂ ਪਿੰਡ ਚੱਕ ਢੇਰਾ, ਪੱਤਣ ਦੀ ਦੂਰੀ ਬਾਰਾਂ ਕਿ: ਮੀ: ਤੇ ਨੱਕ ਦੀ ਸੇਧ ਤੋਂ ਅੱਠ ਕਿ: ਮੀ: ਹੈ। ਏਸੇ ਤਰ੍ਹਾਂ ਪਰਿਵਾਰ ਵਿਛੋੜੇ ਤੋਂ ਇਹ ਪਿੰਡ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਗਿਆਰਾਂ ਕਿ: ਮੀ: ਤੇ ਨੱਕ ਦੀ ਸੇਧ ਤੋਂ ਸੱਤ ਕਿ: ਮੀ: ਦੀ ਦੂਰੀ ‘ਤੇ ਹੈ। ਅਸੀਂ ਪਾਤਸ਼ਾਹ ਜੀ ਦੀ ਕ੍ਰਿਪਾ ਸਦਕਾ ਪੂਰੀ ਤਸੱਲੀ ਨਾਲ ਇਹ ਕਹਿ ਸਕਦੇ ਹਾਂ ਕਿ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੇ ਪਹਿਲੀ ਰਾਤ ਪਿੰਡ ਚੱਕ ਢੇਰਾ ਦੇ ਪੱਤਣ ‘ਤੇ ਸਤਲੁਜ ਅਤੇ ਸਰਸਾ ਨਦੀ ਕਿਨਾਰੇ (ਨਦੀ ਪਾਰ ਨਹੀਂ ਕੀਤੀ) ਕੁੰਮੇ ਮਾਸ਼ਕੀ ਕੋਲ ਕੱਟੀ। ਸਤਲੁਜ ਦੇ ਕਿਨਾਰੇ ਦੀ ਗਵਾਹੀ ਭਾਈ ਸੰਤੋਖ ਸਿੰਘ ਜੀ ਵੀ ਭਰਦੇ ਹਨ –
ਸ੍ਰੀ ਗੁਜਰੀ ਵਿੱਚ ਸਯੰਦਨ ਕੇ ਜੁਗ ਨੰਦਨ ਕੇ ਨੰਦ ਸੰਗ ਚਢਾਈ। ਤਾਹਿ ਸੁਭਾਖ ਕਰੀਂ ਸਮਝਾਵਨ ਲੈ ਅਗਵਾਨ ਚਲੋ ਸਹਾਈ। ਏਕ ਦੁ ਰਾਤ ਕਹੂੰ ਬਸਿਕੈ ਤਟ ਸੌਦ੍ਰਵ ਕੇ ਗਮਨੌ ਪਿਖਿ ਥਾਈ।
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ – ਭਾਈ ਸੰਤੋਖ ਸਿੰਘ – ਪੰਨਾ ੪੮੬੮
ਸਤਲੁਜ ਦਰਿਆ ਦਾ ਪੁਰਾਣਾ ਨਾਂ ਸੌਦ੍ਰਵ ਹੀ ਹੈ। ਸੂਰਜ ਮਿਟ ਗਿਆ ਸੀ, ਹਨੇਰਾ ਪਸਰ ਰਿਹਾ ਸੀ, ਠਰੀ ਹੋਈ ਰਾਤ ਤੋਂ ਬਚਣ ਲਈ ਠਾਹਰ ਦੀ ਲੋੜ ਸੀ। ਇਸ ਕਿਨਾਰੇ ਮਾਤਾ ਜੀ ਨੇ ਇੱਕ ਝੌਂਪੜੀ ‘ਚ ਦੀਵਾ ਜਗਦਾ ਦੇਖਿਆ ਤਾਂ ਮਾਤਾ ਜੀ ਨੰਨ੍ਹੀਆਂ ਜਿੰਦਾਂ ਨੂੰ ਨਾਲ ਲੈ ਝੌਂਪੜੀ ਵਿੱਚ ਚਲੇ ਗਏ। ਇੱਥੇ ਕਰੀਮ ਬਖਸ਼ ਮਾਛੀ ਰਹਿੰਦਾ ਸੀ। ਗੁਰੂ ਕੀਆਂ ਸਾਖੀਆਂ ਵਿੱਚ ਇਸਦਾ ਨਾਂ ਕਰੀਮ ਬਖਸ਼ ਮਾਛੀ ਤੇ ਕੁੰਮਾ ਮਾਸ਼ਕੀ ਆਇਆ ਹੈ। ਇਹ ਬੇੜੀ ਦਾ ਮਲਾਹ ਸੀ ਤੇ ਲੋਕਾਂ ਦੇ ਘਰਾਂ ‘ਚ ਮਸ਼ਕ ਨਾਲ ਪਾਣੀ ਵੀ ਢੋਂਹਦਾ ਸੀ ਤੇ ਮਸ਼ਕ ਨਾਲ ਪਾਣੀ ਢੋਣ ਵਾਲੇ ਨੂੰ ਮਾਸ਼ਕੀ ਕਿਹਾ ਜਾਂਦਾ ਸੀ। ਹਿੰਦੂਆਂ ਵਿੱਚ ਝਿਊਰ ਤੇ ਮੁਸਲਮਾਨਾਂ ਵਿੱਚ ਸੱਕਾ ਜਾਤੀ ਦੇ ਲੋਕ ਇਹ ਕੰਮ ਕਰਦੇ ਸੀ। ਮਾਤਾ ਜੀ ਤੋਂ ਸਾਰਾ ਹਾਲ ਸੁਣ ਇਹ ਗਰੀਬ ਮਲਾਹ ਮਾਤਾ ਜੀ ਦੇ ਚਰਨੀਂ ਢਹਿ ਪਿਆ, ਗਰੀਬੀ ਦਾਅਵੇ ਆਸਣ ਵਿਛਾ ਦਿੱਤਾ। ਕੁੰਮਾ ਮਾਸ਼ਕੀ ਆਪ ਵੀ ਜੁਲਮ ਦਾ ਝੰਬਿਆ ਹੋਇਆ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ, ਬਦਲ ਕੇ ਇਸ ਦਾ ਨਾਂ ਕਰੀਮ ਬਖਸ਼ ਰੱਖ ਦਿੱਤਾ। ਲੋਕ ਕੀਮਾ ਕਹਿਣ ਲੱਗ ਪਏ। ਇਸਦਾ ਪਹਿਲਾ ਪੂਰਾ ਨਾਂ ਕਰਮ ਚੰਦ ਸੀ ਪਰ ਲੋਕੀ ਇਸਨੂੰ ਕੁੰਮਾ ਮਾਸ਼ਕੀ ਕਹਿ ਬੁਲਾਉਂਦੇ।
ਚੌਪਈ –
ਇੱਕ ਸੱਕਾ ਹਿੰਦੂ ਤਹਿਂ ਆਹੀ॥ ਤੁਰਕ ਜੋਰ ਤਿਹ ਜਨਮ ਵਟਾਹੀ॥ ਕੁੰਮੇ ਤੇ ਕੀਮਾ ਤਿਹ ਕੀਨਾ॥ ਤਿਸਹੀ ਕੈ ਗ੍ਰਿਹ ਬਾਸਾ ਲੀਨਾ॥
ਕਥਾ ਗੁਰੂ ਜੀ ਕੇ ਸੁਤਨ ਕੀ – (ਚਾਰ ਸਾਹਿਬਜ਼ਾਦੇ – ਪਿਆਰਾ ਸਿੰਘ ਪਦਮ)
ਕੁੰਮੇ ਨੇ ਜੋ ਵੀ ਉਹਦੇ ਕੋਲ ਭਾਰਾ ਕੱਪੜਾ ਸੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੇ ਦਿੱਤਾ। ਆਪ ਨੇੜੇ ਹੀ ਆਪਣੇ ਨਗਰ (ਪਿੰਡ ਅਵਾਨਕੋਟ) ਨੂੰ ਮਾਈ ਲੱਛਮੀ ਨਾਂ ਦੀ ਬ੍ਰਾਹਮਣੀ ਕੋਲੋਂ ਪ੍ਰਸ਼ਾਦੇ ਲੈਣ ਚਲਾ ਗਿਆ। ਇਹ ਵਿਧਵਾ ਮਾਈ ਬਹੁਤ ਧਰਮਾਤਮਾ ਤੇ ਨੇਕ ਸੀ। ਘਰ ਵਿੱਚ ਇਕੱਲੀ ਰਹਿੰਦੀ ਰਾਹੀ-ਮੁਸਾਫਿਰ ਨੂੰ ਭੋਜਨ ਛਕਾ ਕੇ ਪਰਮਾਤਮਾ ਦਾ ਨਾਮ ਲੈ ਛੱਡਦੀ। ਕੁੰਮੇ ਨੇ ਸਾਰੀ ਗੱਲ ਇਸਨੂੰ ਦੱਸੀ। ਇਸਨੇ ਛੇਤੀ- ਛੇਤੀ ਭੋਜਨ ਤਿਆਰ ਕਰ ਕੁੰਮੇ ਨੂੰ ਦੇ ਦਿੱਤਾ ਤਾਂ ਕਿ ਭੁੱਖਣ-ਭਾਣੇ ਗੁਰੂ ਪੁੱਤਰਾਂ ਤੇ ਦਾਦੀ ਮਾਂ ਨੂੰ ਭੋਜਨ ਛਕਾਉਣ ਵਿੱਚ ਹੋਰ ਦੇਰ ਨਾ ਹੋ ਜਾਵੇ। ਮੈਂ ਸਵੇਰੇ ਦਰਸ਼ਨ ਕਰਨ ਆਵਾਂਗੀ, ਨਾਲ ਭੋਜਨ ਵੀ ਲਈ ਆਉਂਗੀ, ਕੁੰਮੇ ਨੂੰ ਮਾਈ ਲੱਛਮੀ ਨੇ ਕਿਹਾ। ਕੁੰਮਾ ਅੱਛਾ ਕਹਿ ਕਾਹਲੀ-ਕਾਹਲੀ ਕਦਮ ਪੁੱਟਦਾ ਝੌਂਪੜੀ ਵਿੱਚ ਆਣ ਪਹੁੰਚਾ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬਹੁਤ ਪਿਆਰ ਨਾਲ ਪ੍ਰਸ਼ਾਦੇ ਛਕਾਏ। ਜੋ ਗਰਮ ਕੱਪੜਾ ਮਾਈ ਲੱਛਮੀ ਕੋਲੋਂ ਲੈ ਕੇ ਆਇਆ ਸੀ ਉਹ ਵੀ ਮਾਤਾ ਜੀ ਨੂੰ ਦੇ ਦਿੱਤਾ। ਆਪ ਵੀ ਰੁੱਖੀ-ਸੁੱਕੀ ਖਾ ਲਈ। ਮਹਿਲਾਂ ਵਿੱਚ ਰਹਿਣ ਵਾਲੇ ਅੱਜ ਠਰੀ ਹੋਈ ਰਾਤ ਕੁੱਲੀ ਵਿੱਚ ਕੱਟ ਰਹੇ ਨੇ। ਦਾਦੀ ਮਾਂ ਤੋਂ ਮਾਤਾ-ਪਿਤਾ ਤੇ ਭਰਾਵਾਂ ਦਾ ਪੁੱਛਦੇ, ਕਸ਼ਟਾਂ ਭਰੇ ਸਫਰ ਦੇ ਥੱਕੇ ਦੋਵੇਂ ਵੀਰ ਦਾਦੀ ਮਾਂ ਨਾਲ ਚਿੰਬੜ ਕੇ ਸੌਂ ਗਏ। ਦਾਦੀ ਮਾਸੂਮ ਜਿੰਦਾਂ ਨੂੰ ਕਲਾਵੇ ਵਿੱਚ ਲੈ ਨਿੱਘ ਦੇਂਦੀ ਤੇ ਸਾਰੇ ਪਰਿਵਾਰ ਬਾਰੇ ਸੋਚਦੀ। ਅੱਖਾਂ ਮੂਹਰੇ ਸਾਰੀ ਝਾਕੀ ਲੰਘਦੀ ਗਈ, ਸੋਚ ਹੋਰ ਵੀ ਗੰਭੀਰ ਹੁੰਦੀ ਗਈ। ਹਿਰਦੇ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਦਾਦੀ ਮਾਂ ਦੇ ਬਿਰਦ ਤੇ ਥੱਕੇ ਸਰੀਰ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ। ਕੁੰਮਾ ਮਾਸ਼ਕੀ ਨੇ ਖੱਚਰ ਨੂੰ ਦਰੱਖਤਾਂ ਦੀ ਝਿੜੀ ਵਿੱਚ ਬੰਨ੍ਹ ਕੇ ਘਾਹ-ਪੱਠਾ ਪਾ ਦਿੱਤਾ ਤੇ ਆਪ ਵੀ ਕੁੱਲੀ ਤੋਂ ਬਾਹਰ ਨਿੱਕ-ਸੁੱਕ ਲੈ ਕੇ ਲੰਮਾ ਪੈ ਗਿਆ। ਇਹ ਗਰੀਬ ਮਲਾਹ ਇਸ ਪੱਤਣ ‘ਤੇ ਬੇੜੀ ਚਲਾਉਂਦਾ ਸੀ। ਲੋਕਾਂ ਨੂੰ ਦਰਿਆ ਪਾਰ ਕਰਾਉਣ ਦਾ ਜੋ ਮਿਲਦਾ ਉਹਦੇ ਵਿੱਚ ਆਪਣਾ ਗੁਜਾਰਾ ਕਰਦਾ। ਅੱਜ ਲੰਮੇ ਪਏ ਨੂੰ ਨੀਂਦ ਨਹੀਂ ਸੀ ਆ ਰਹੀ, ਜੁਲਮੀ ਹਕੂਮਤ ਨੂੰ ਇਹਦਾ ਮਨ ਲਾਹਨਤਾਂ ਪਾਉਂਦਾ ਰਿਹਾ। ਦਸਮ ਪਿਤਾ ਜੀ ਦਾ ਜੁਲਮ ਤੇ ਜਬਰ ਨਾਲ ਟੱਕਰ ਲੈਣ ਤੇ ਸਾਰੇ ਪਰਿਵਾਰ ਦਾ ਵਿਛੜਨ ਦਾ ਸੋਚ ਰਿਹਾ ਸੀ। ਇਹ ਅੰਦਰ ਹੀ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਉੱਠਦਾ। ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਕੁੱਲੀ ਵਿੱਚ ਸੁੱਤਿਆਂ ਦੇਖ ਇਹਦਾ ਮਨ ਭਰ ਆਇਆ ਕਿ ਸਾਡੇ ਗਰੀਬਾਂ ਵਾਸਤੇ ਮਹਿਲਾਂ ਵਿੱਚ ਰਹਿਣ ਵਾਲੇ ਕਿਵੇਂ ਕਸ਼ਟ ਝੱਲਦੇ ਨੇ। ਕਿਵੇਂ ਘਰੋਂ ਬੇਘਰ ਹੋਏ ਪੋਹ ਦੀਆਂ ਠਰੀਆਂ ਰਾਤਾਂ ਗੁਜ਼ਾਰਦੇ ਨੇ। ਸਾਡੇ ਗਰੀਬਾਂ ਤੇ ਮਜ਼ਲੂਮਾਂ ਦੀ ਰਾਖੀ ਲਈ ਇਸ ਗੁਰੂ ਪਰਿਵਾਰ ਨੇ ਕੀ-ਕੀ ਦੁੱਖ ਨਹੀਂ ਝੇਲੇ। ਕੁੱਲੀ ਵੱਲ ਦੇਖ ਕੁੰਮਾ ਮਾਸ਼ਕੀ ਸਿਸਕੀਆਂ ਲੈਣ ਲੱਗ ਪਿਆ। ਇਸਦਾ ਗੱਚ ਭਰ ਆਇਆ, ਸਾਰੀ ਰਾਤ ਅੱਖਾਂ ‘ਚੋਂ ਅੱਥਰੂ ਨਾ ਰੁਕੇ। ਕੁੰਮੇ ਮਾਸ਼ਕੀ ਲਈ ਵੀ ਇਹ ਰਾਤ ਬਹੁਤ ਦਰਦਨਾਕ ਹੋ ਨਿੱਬੜੀ। ਪਰਿਵਾਰ ਨਾਲੋਂ ਵਿੱਛੜ ਕੇ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਨੇ ਪਹਿਲੀ ਰਾਤ ੭ ਪੋਹ, ੧੭੬੧ ਬਿ: (੨੧ ਦਸੰਬਰ, ੧੭੦੪ ਈ:) ਨੂੰ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਝੱਲ-ਝਾੜੀਆਂ ‘ਚ ਸਰਸਾ ਨਦੀ ਤੇ ਸਤਲੁਜ ਦਰਿਆ ਦੇ ਸਾਂਝੇ ਕਿਨਾਰੇ ‘ਤੇ ਪਿੰਡ ਚੱਕ ਢੇਰਾ ਦੇ ਪੱਤਣ ‘ਤੇ ਬਤੀਤ ਕੀਤੀ।
ਅਗਲਾ ਭਾਗ………