History of the days after Guru Gobind Singh Ji left Anandpur Sahib – 9-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ

ਦੂਜੀ ਰਾਤ
ਭਾਗ-3
ਰੋਪੜ ਨੇੜੇ ਆ ਕੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਰੋਪੜ ਤਾਂ ਮੁਗਲ ਫੌਜ ਉੱਤਰੀ ਏ, ਏਧਰ ਜਾਣਾ ਠੀਕ ਨਹੀਂ ਰਹੇਗਾ। ਮੇਰਾ ਹੁਣ ਕੋਈ ਚਾਰਾ ਨਹੀਂ ਚਲਦਾ, ਹੁਣ ਤੁਸੀਂ ਹੀ ਆਪਣੇ ਮਨ ਦੀ ਦੱਸੋ ਕਿ ਕੀ ਕਰੀਏ। ਜੇ ਤੁਸੀਂ ਅੱਗੇ ਨੂੰ ਗਏ ਤਾਂ ਫੌਜ ਦੇ ਸਿਪਾਹੀ ਤੁਹਾਨੂੰ ਫੜ੍ਹ ਲੈਣਗੇ। ਮਾਤਾ ਜੀ ਤਾਂ ਇਹਦੇ ਨਾਲ ਬਾਕੀ ਪਰਿਵਾਰ ਨੂੰ ਮਿਲਾਉਣ ਦੀ ਤਸੱਲੀ ਲੈ ਕੇ ਤੁਰੇ ਸੀ। ਏਥੇ ਆ ਕੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਸੀ ਕਿ ਗੁਰੂ ਜੀ ਵੀ ਸਿੰਘਾਂ ਸਮੇਤ ਰੋਪੜ ਵੱਲ ਹੀ ਗਏ ਹਨ। ਰੋਪੜ ਵਿੱਚ ਸਭ ਤੋਂ ਸਿਰਕੱਢ ਠਾਹਰ ਨਿਹੰਗ ਖਾਂ ਪਠਾਣ ਸੀ, ਮਾਤਾ ਜੀ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਏਸੇ ਲਈ ਗੰਗੂ ਨੇ ਜਾਣ-ਬੁੱਝਕੇ ਕਹਿ ਦਿੱਤਾ ਕਿ ਰੋਪੜ ਮੁਗਲ ਸਿਪਾਹੀ ਉੱਤਰੇ ਹੋਏ ਹਨ। ਉਹ ਜਾਣਦਾ ਸੀ ਕਿ ਜੇ ਮਾਤਾ ਜੀ ਕਿਸੇ ਸਿੱਖ-ਸੇਵਕ ਪਰਿਵਾਰ ਕੋਲ ਪੁੱਜ ਗਏ ਤਾਂ ਮੇਰਾ ਦਾਅ ਨਹੀਂ ਲੱਗ ਸਕੇਗਾ, ਮਾਇਆ ਮੇਰੇ ਹੱਥੋਂ ਜਾਂਦੀ ਰਹੇਗੀ। ਵਾਰ-ਵਾਰ ਮਾਤਾ ਜੀ ਨੂੰ ਕਹਿਣ ਲੱਗਾ ਕਿ ਮੈਂ ਰੋਪੜ ਦੇ ਰਸਤੇ ਨਹੀਂ ਜਾ ਸਕਦਾ, ਉੱਧਰ ਬਹੁਤ ਖਤਰਾ ਹੈ। ਰੋਪੜ ਤੋਂ ਰਸਤਾ ਭਲਾਉਣ ਦੀ ਗਵਾਹੀ ਗਰਬਿਲਾਸ ਪਾਤਸ਼ਾਹੀ ਦਸਵੀਂ ਦੇ ਕਰਤਾ ਭਾਈ ਸੁੱਖਾ ਸਿੰਘ ਜੀ ਵੀ ਭਰਦੇ ਹਨ –

ਹੁਤੋ ਮਸੰਦ ਨੀਚ ਇਕ ਪਾਪੀ।
ਬਿਪ ਬੰਸ ਚੰਡਾਰ ਸੁ ਖਾਪੀ।
ਰੋਪੜ ਤੇ ਵਹੁ ਰਾਹੁ ਭੁਲਾਈ।
ਨਿਜ ਪੁਰ ਕੋ ਲੈ ਗਯੋ ਕਸਾਈ।
ਸਾਹਿਬਜ਼ਾਦੇ ਦੋਊ ਕੁਮਾਰ।
ਤੀਜੇ ਦਾਦੀ ਸਾਥ ਨਿਹਾਰ।

ਰੋਪੜ ਵਾਲਾ ਰਸਤਾ ਛੱਡ ਕੇ ਪਾਪੀ ਗੰਗੂ ਜੰਗਲ ਦੇ ਰਸਤੇ ਹੋ ਤੁਰਿਆ। ਮਾਤਾ ਜੀ ਨੂੰ ਕਹੀ ਗਿਆ ਕਿ ਮੈਂ ਆਪਣੇ ਪਿੰਡ ਨੂੰ ਲਿਜਾ ਰਿਹਾ ਹਾਂ। ਇਹ ਤਾਂ ਸਾਰਾ ਧੋਖਾ ਹੀ ਸੀ, ਇਸਨੂੰ ਬਿਰਧ ਮਾਤਾ ਜੀ ਤੇ ਨਿੱਕੀਆਂ ਜਿੰਦੜੀਆਂ ਨਾਲ ਕੋਈ ਹਮਦਰਦੀ ਨਹੀਂ ਸੀ। ਮਾਇਆ ਕਿਸੇ ਤਰੀਕੇ ਉਸਦੇ ਹੱਥ ਆ ਜਾਵੇ, ਇਹੋ ਉਸਦਾ ਮਨੋਰਥ ਸੀ। ਗੁਰੂ ਜੀ ਦੀ ਮਾਂ ਤੇ ਪੁੱਤਰਾਂ ਨੂੰ ਆਪਣੇ ਘਰ ਪਨਾਹ ਦੇਣ ਦਾ ਖਤਰਾ ਉਹ ਨਹੀਂ ਸੀ ਲੈਣਾ ਚਾਹੁੰਦਾ। ਰਾਤੋ-ਰਾਤ ਮਾਇਆ ਦੀ ਥੈਲੀ ਚੁਰਾ ਕੇ ਖਿਸਕ ਜਾਵਾਂ ਇਹੋ ਉਸਦੀ ਨੀਅਤ ਸੀ। ਪ੍ਰਮੁੱਖ ਰਸਤਿਆਂ ਨੂੰ ਛੱਡ ਕੇ ਜੰਗਲੀ ਰਸਤਿਆਂ ਦੀਆਂ ਪੰਗਡੰਡੀਆਂ ਤੋਂ ਹੁੰਦਾ ਹੋਇਆ ਗੰਗੂ ਪਾਪੀ ਉਨ੍ਹਾਂ ਨੂੰ ਪਿੰਡ ਚੌਂਤੇ ਦੇ ਬਾਹਰ ਜੰਗਲ ਵਿੱਚ ਲੈ ਆਇਆ। ਚੌਂਤੇ ਜਾਣ ਦੀ ਗਵਾਹੀ ਇਹ ਦੋ ਗ੍ਰੰਥ ਭਰਦੇ ਹਨ:

ਚਮਕੌਰ ਤੇ ਜਬ ਗਏ ਚੌਂਤੇ, ਦੁਸਟ ਕੇ ਮਨ ਯਹ ਭਈ। ਯਹ ਦ੍ਰਬ ਹਮਰੇ ਹਾਥ ਆਯੋ, ਮੋੜ ਤਬ ਘਰ ਕੋ ਲਈ।

ਕਥਾ ਗੁਰੂ ਜੀ ਕੇ ਸੁਤਨ ਕੀ

…ਉਸ ਹਾਥ ਬਾਂਧ ਬੇਨਤੀ ਕੀ, ਜੀ ਗਰੀਬਨਿਵਾਜ਼! ਉਹ ਆਜ ਫ਼ਜ਼ਰੇ ਯਹਾਂ ਸੇ ਚੌਂਤੇ ਗਾਉਂ ਕੀ ਤਰਫ ਚਲੇ ਗਏ ਹੈਂ।
ਗੁਰੂ ਕੀਆਂ ਸਾਖੀਆਂ – ਸਾਖੀ ੭੯ – ਪੰਨਾ ੧੫੫

ਭਾਵੇਂ ਉਪਰੋਕਤ ਲਿਖਤਾਂ ਨੇ ਭੁਲੇਖੇ ਨਾਲ ਚਮਕੌਰ ਤੋਂ ਚੌਂਤੇ ਜਾਣ ਦਾ ਜਿਕਰ ਕੀਤਾ ਹੈ ਪਰ ਇਹ ਗਵਾਹੀਆਂ ਸਪੱਸ਼ਟ ਕਰਦੀਆਂ ਹਨ ਕਿ ਮਾਤਾ ਜੀ ਤੇ ਸਾਹਿਬਜਾਦੇ ਚੌਂਤੇ ਵੀ ਗਏ ਸਨ। ਅਸਲ ਵਿੱਚ ਗੰਗੂ ਪਾਪੀ ਰੋਪੜ ਸ਼ਹਿਰ ਤੋਂ ਬਾਹਰ-ਬਾਰ ਹੁੰਦਾ ਹੋਇਆ ਉਨ੍ਹਾਂ ਨੂੰ ਪਿੰਡ ਚੌਂਤੇ ਦੇ ਬਾਹਰ ਜੰਗਲ-ਉਜਾੜ ਵਿੱਚ ਲੈ ਆਇਆ। ਸਵੇਰ ਦਾ ਸਫਰ ਕਰਦੇ ਥੱਕੇ ਹੋਣ ਕਰਕੇ ਦਾਦੀ ਮਾਂ ਤੇ ਸਾਹਿਬਜਾਦੇ ਕੁਝ ਦੇਰ ਲਈ ਏਥੇ ਰੁਕੇ। ਗੰਗੂ ਪਾਪੀ ਵੀ ਨੇੜੇ ਹੀ ਬੈਠਾ ਹੋਇਆ ਖੱਚਰ ‘ਤੇ ਲੱਦੀ ਖੁਰਜੀ ਵੱਲ ਲਲਚਾਈਆਂ ਅੱਖਾਂ ਨਾਲ ਦੇਖਦਾ ਹੋਇਆ ਅਗਲੀਆਂ ਵਿਉਂਤਾਂ ਬਣਾਉਂਦਾ ਰਿਹਾ। ਪਿੰਡ ਚੌਂਤਾ ਕਲਾਂ ਤੇ ਚੌਂਤਾ ਖੁਰਦ ਦੇ ਬਾਹਰ-ਬਾਹਰ ਗੁਰਦੁਆਰਾ ਸਾਹਿਬਜਾਦਾ ਜੁਝਾਰ ਸਿੰਘ ਜੀ ਬਣਿਆ ਹੋਇਆ ਹੈ ਪਰ ਉਹ ਥਾਂ ਅਜੇ ਖੋਜਣਾ ਬਾਕੀ ਹੈ ਜਿੱਥੇ ਦਾਦੀ ਮਾਂ ਤੇ ਸਾਹਿਬਜਾਦਿਆਂ ਨੇ ਕੁਝ ਦੇਰ ਅਰਾਮ ਕੀਤਾ ਸੀ।

ਥੋੜ੍ਹੀ ਦੇਰ ਚੌਂਤੇ ਪਿੰਡ ਦੇ ਬਾਹਰ ਰੁਕ ਕੇ ਜਦੋਂ ਗੰਗੂ ਪਾਪੀ ਅੱਗੇ ਨੂੰ ਤੁਰਨ ਦੀ ਤਿਆਰੀ ਕਰਨ ਲੱਗਾ ਤਾਂ ਮਾਤਾ ਜੀ ਨੇ ਗੰਗੂ ਨੂੰ ਕਿਹਾ ਕਿ ਤੂੰ ਸਾਨੂੰ ਕਿੱਥੇ ਲੈ ਕੇ ਚੱਲਿਆਂ ਏ, ਤੂੰ ਸਾਨੂੰ ਚਮਕੌਰ ਵੱਲ ਨੂੰ ਲੈ ਜਾ। ਮਾਤਾ ਜੀ ਨੂੰ ਕੁੰਮੇ ਮਾਸ਼ਕੀ ਤੋਂ ਇਹ ਕਨਸੋਅ ਮਿਲੀ ਸੀ ਕਿ ਗੁਰੂ ਜੀ ਆਪਣੇ ਸਿੰਘਾਂ ਨਾਲ ਚਮਕੌਰ ਵੱਲ ਗਏ ਹਨ। ਕੁੰਮੇ ਮਾਸ਼ਕੀ ਨੂੰ ਇਹ ਗੱਲ ਬੇੜੀ ਰਾਹੀਂ ਆਰ-ਪਾਰ ਹੋਣ ਵਾਲੇ ਲੋਕਾਂ ਕੋਲੋਂ ਪਤਾ ਚੱਲੀ ਸੀ। ਗੰਗੂ ਹਰ ਪਾਸੇ ਦੀਆਂ ਕਨਸੋਆਂ ਲੈਂਦਾ ਹੋਇਆ ਕੁੰਮੇ ਮਾਸ਼ਕੀ ਦੀ ਝੌਂਪੜੀ ਤੱਕ ਪੁੱਜਾ ਸੀ, ਉਸ ਨੇ ਇਹ ਵੀ ਸੁਣਿਆ ਹੋਇਆ ਸੀ ਕਿ ਗੁਰੂ ਜੀ ਚਮਕੌਰ ਵੱਲ ਗਏ ਨੇ ਤੇ ਫੌਜ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। ਉਸ ਨੇ ਮਾਤਾ ਜੀ ਨੂੰ ਕਿਹਾ ਕਿ ਆਪਾਂ ਚਮਕੌਰ ਵੱਲ ਨਹੀਂ ਜਾ ਸਕਦੇ, ਓਧਰ ਤਾਂ ਬਹੁਤ ਖਤਰਾ ਹੈ, ਮੈਂ ਤੁਹਾਨੂੰ ਕਿਸੇ ਸੁਰੱਖਿਅਤ ਥਾਂ ‘ਤੇ ਲੈ ਜਾਵਾਂਗਾ ਤੁਸੀਂ ਫਿਕਰ ਨਾ ਕਰੋ। ਮਾਤਾ ਜੀ ਨੂੰ ਆਪਣੇ ਮਾਸੂਮ ਪੋਤਿਆਂ ਦਾ ਬਹੁਤ ਫਿਕਰ ਸੀ, ਉਹ ਸਵੇਰ ਤੋਂ ਜੰਗਲੀ ਰਸਤਿਆਂ ਦਾ ਸਫਰ ਕਰਦੇ ਹੋਏ ਵਾਰ-ਵਾਰ ਦਾਦੀ ਮਾਂ ਕੋਲੋਂ ਆਪਣੇ ਮਾਤਾ-ਪਿਤਾ ਤੇ ਭਰਾਵਾਂ ਬਾਰੇ ਪੁੱਛਦੇ ਸਨ। ਗੰਗੂ ਪਾਪੀ ਰੋਪੜ ਫੌਜ ਉੱਤਰੀ ਹੋਣ ਦਾ ਡਰਾਵਾ ਦੇ ਕੇ ਉਨ੍ਹਾਂ ਨੂੰ ਏਥੇ ਲੈ ਆਇਆ ਸੀ ਤੇ ਹੁਣ ਵੀ ਉਹ ਉਨ੍ਹਾਂ ਰਾਹਾਂ ਵੱਲ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਜੋ ਮਾਤਾ ਜੀ ਨੇ ਅੱਗੇ ਕਦੇ ਨਹੀਂ ਸੀ ਦੇਖੀਆਂ। ਮਾਤਾ ਜੀ ਨੇ ਮਾਸੂਮ ਜਿੰਦੜੀਆਂ ਦੀ ਚਿੰਤਾ ਕਰਦਿਆਂ ਹਰਖ ਵਿੱਚ ਆਣ ਕੇ ਗੰਗੂ ਨੂੰ ਕਿਹਾ ਕਿ ਜਿਵੇਂ ਤੇਰੀ ਮਰਜੀ ਹੈ ਤੂੰ ਉਵੇਂ ਹੀ ਕਰ ਲੈ –

ਦੋਹਰਾ
ਤਬ ਮਾਤਾ ਬਿਲਖੀ ਭਈ, ਜਿਉਂ ਜਾਨਉਂ ਤਿਉਂ ਕੀਨ॥
ਤਬ ਦੁਸ਼ਟਾਤਮ ਯਹ ਕਹੀ, ਮਮ ਗ੍ਰਿਹਿ ਚਲਉ ਪ੍ਰਬੀਨ॥

ਅਗਲਾ ਭਾਗ………

You may also like these