History of the days after Guru Gobind Singh Ji left Anandpur Sahib – 15-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ

#ਚੌਥੀ_ਰਾਤ
ਭਾਗ-1
ਸਵੇਰ ਹੋਈ ਤਾਂ ਮਾਤਾ ਜੀ ਨੇ ਬਹੁਤ ਪਿਆਰ ਨਾਲ ਕਿਹਾ ਕਿ ਗੰਗਾ ਰਾਮਾ ਧਨ ਵਾਲੀ ਖੁਰਜੀ ਨਹੀਂ ਦਿਸਦੀ, ਜੇ ਕਿਤੇ ਸੰਭਾਲ ਕੇ ਰੱਖ ਲਈ ਏ ਤਾਂ ਚੰਗਾ ਹੋਇਆ। ਇਸਨੇ ਕਿਹਾ ਮੈਨੂੰ ਨਹੀਂ ਪਤਾ ਖੁਰਜੀ ਕਿੱਥੇ ਹੈ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਏਥੇ ਚੋਰ-ਉਚੱਕੇ ਬਹੁਤ ਨੇ ਮਾਇਆ ਨੂੰ ਸੰਭਾਲ ਕੇ ਧਿਆਨ ਨਾਲ ਰੱਖਿਓ।

ਦੋਹਰਾ
ਤਬ ਗ੍ਰਿਹ ਮੈਂ ਐਸੇ ਕਹੈ, ਈਹਾਂ ਖੁਰਜੀ ਨਾਹਿ॥
ਕੋ ਜਾਨੈ ਕਿਨ ਗਹਿ ਲਈ, ਹਮ ਕੋ ਸੋਝੀ ਨਾਹਿ ॥
ਤਬ ਮਾਤਾ ਜੀ ਯਹ ਕਹਯੋ, ਭਲੀ ਹੁਈ ਦੇਹੁ ਜਾਨ॥
ਜੌ ਹਮ ਬਚੇ ਤੋ ਕਿਆ ਕਮੀ, ਮਾਯਾ ਹਮ ਤੇ ਆਨ॥ ਤਬ ਮਸੰਦ ਐਸੇ ਕਹੈ, ਹਮ ਕੌ ਤੁਹਮਤ ਦੇਹਿੰ॥
ਹਮ ਘਰ ਤੇ ਤੂੰ ਜਾਹਿ ਅਬ, ਹਮ ਸੋ ਕੈਸਾ ਨੇਹੁ॥

ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ

ਮਾਤਾ ਜੀ ਨੇ ਕਿਹਾ ਮਾਇਆ ਦੀ ਕਿਹੜੀ ਕਮੀ ਹੈ, ਹੋਰ ਆ ਜਾਵੇਗੀ। ਅਸੀਂ ਬਚ ਗਏ (ਭਾਵ ਖਤਰੇ ਤੋਂ ਬਚੇ ਰਹੇ) ਤਾਂ ਤੂੰ ਜਿੰਨੀ ਮਰਜੀ ਮਾਇਆ ਹੋਰ ਲੈ ਲਵੀਂ, ਜੇ ਤੂੰ ਸੰਭਾਲ ਕੇ ਰੱਖ ਲਈ ਏ ਤਾਂ ਬਹੁਤ ਚੰਗਾ ਕੀਤਾ, ਅਸੀਂ ਵੀ ਸੰਭਾਲਣੀ ਹੀ ਸੀ। ਮਾਤਾ ਜੀ ਨੇ ਇਸ ਪਾਪੀ ਨੂੰ ਖੁਰਜੀ ਚੁੱਕਦੇ ਦੇਖ ਲਿਆ ਸੀ। ਮਾਤਾ ਜੀ ਦੀ ਬਿਰਤੀ ਮੋਹ- ਮਾਇਆ ਤੋਂ ਬਹੁਤ ਉੱਚੀ ਸੀ। ਉਹਨਾਂ ਇਸ ਨੂੰ ਛੋਟੀ ਜਿਹੀ ਗੱਲ ਜਾਣ ਰਾਤ ਨੂੰ ਨਾ ਪੁੱਛਿਆ। ਮਿੱਠੇ ਪਿਆਰ ਦੇ ਬੋਲਾਂ ਨਾਲ ਖੁਰਜੀ ਬਾਰੇ ਪੁੱਛਿਆ ਵੀ ਤਾਂ ਅੱਗੋਂ ਗੰਗੂ ਨੂੰ ਕੌੜਾ ਜਹਿਰ ਲੱਗਾ। ਇਹ ਦੁਸਟ ਤਾਂ ਆਪਣਾ ਕੰਮ ਕਰਕੇ ਰਾਤ ਤੋਂ ਹੀ ਸੋਚਦਾ ਸੀ ਕਿ ਇਨ੍ਹਾਂ ਨੂੰ ਘਰੋਂ ਕਿਵੇਂ ਕੱਢਿਆ ਜਾਵੇ। ਇਸਦੇ ਪਾਪੀ ਮਨ ‘ਤੇ ਸੱਚ ਦੀ ਕਣੀ ਨਾ ਟਿਕ ਸਕੀ, ਮਾਤਾ ਜੀ ਦੇ ਮਿੱਠੇ ਬੋਲ ਵੀ ਇਸਨੂੰ ਜਹਿਰ ਵਾਂਗ ਲੱਗੇ। ਚੋਰ-ਚੋਰ ਕਹਿ ਕੇ ਇਸਨੇ ਉੱਚੀ ਅਵਾਜ ਵਿੱਚ ਰੌਲਾ ਪਾ ਦਿੱਤਾ । ਲੋਕੋ ਚੋਰ ਆ ਗਏ, ਚੋਰੀ ਹੋ ਗਈ, ਮਾਤਾ ਜੀ ਦੀ ਖੁਰਜੀ ਚੋਰੀ ਹੋ ਗਈ। ਮਾਤਾ ਜੀ ਨੇ ਇਸਨੂੰ ਬਹੁਤ ਰੋਕਿਆ ਕਿ ਇਸ ਤਰ੍ਹਾਂ ਰੌਲਾ ਨਾ ਪਾ ਲੋਕ ਇਕੱਠੇ ਹੋ ਜਾਣਗੇ, ਨਿੱਕੀਆਂ ਜਾਨਾਂ ਨੂੰ ਫੜਾ ਦੇਣਗੇ। ਪਰ ਇਹ ਦੁਸ਼ਟ ਚੁੱਪ ਨਾ ਹੋਇਆ, ਸਗੋਂ ਮਾਤਾ ਜੀ ਨਾਲ ਖਹਿਬੜਨ ਲੱਗ ਪਿਆ। ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਲਿਆ ਕੇ ਆਸਰਾ ਦਿੱਤਾ, ਤੁਹਾਨੂੰ ਮਰਦੇ ਜਾਂਦਿਆਂ ਨੂੰ ਬਚਾਇਆ, ਤੁਸੀਂ ਮੇਰੀ ਨੇਕੀ ਦਾ ਚੰਗਾ ਮੁੱਲ ਪਾਇਆ। ਆਹ ਖੁਰਜੀ ਚੁਰਾਉਣ ਦੀ ਹੋਰ ਤੋਹਮਤ ਲਾ ਦਿੱਤੀ। ਇਸ ਤਰ੍ਹਾਂ ਦੇ ਮਾੜੇ ਬੋਲ ਬੋਲਦਾ ਇਹ ਪਾਪੀ ਘਰੋਂ ਬਾਹਰ ਨਿਕਲ ਗਿਆ। ਇਸਦਾ ਪਰਿਵਾਰ ਵੀ ਬਰਾਬਰ ਦਾ ਦੋਸ਼ੀ ਸੀ ਜਿਸਨੇ ਗੰਗੂ ਨੂੰ ਚੁੱਪ ਕਰਾਉਣ ਦਾ ਯਤਨ ਨਾ ਕੀਤਾ, ਖਾਮੋਸ਼ ਤਮਾਸ਼ਾ ਦੇਖਦਾ ਰਿਹਾ।

ਮਾਇਆ ਘਰ ਆਈ ਕਿਸਨੂੰ ਬੁਰੀ ਲੱਗਦੀ ਏ, ਇਹੋ ਗੱਲ ਸਾਰੇ ਪਰਿਵਾਰ ਦੀ ਸੀ।

ਗੰਗੂ ਦੀ ਮਾਂ ਸੋਭੀ ਵੀ ਕੁਝ ਨਾ ਕਰ ਸਕੀ। ਇਸ ਮਾਂ ਨੇ ਗੰਗੂ ਨੂੰ ਇਨ੍ਹਾਂ ਮਾਸੂਮ ਜਿੰਦਾਂ ਤੇ ਦਾਦੀ ਮਾਂ ਦੇ ਖਾਣੇ ‘ਚ ਜਹਿਰ ਪਾਉਣ ਤੋਂ ਰੋਕ ਕੇ ਦਰਗਾਹ ‘ਚ ਨੇਕ ਨਾਮੀ ਖੱਟ ਲਈ ਸੀ। ਪਰ ਹੁਣ ਮਾਂ ਸੋਭੀ ਵੀ ਲਾਚਾਰ ਤੇ ਬੇਵਸ ਹੋਈ ਗੰਗੂ ਦੀ ਇਸ ਕਮੀਨਗੀ ਤੋਂ ਉਸਨੂੰ ਰੋਕਣ ‘ਚ ਸਫਲ ਨਾ ਹੋ ਸਕੀ। ਰੌਲਾ ਸੁਣਕੇ ਲੋਕ ਗੰਗੂ ਦੇ ਘਰ ਆਉਣ ਲੱਗੇ। ਕੋਠੜੀ ਵਿੱਚ ਛਾਤੀ ਨਾਲ ਲਾ ਕੇ ਬੈਠੀ ਦੋ ਨੰਨ੍ਹੀਆਂ ਜਾਨਾਂ ਨੂੰ ਦਾਦੀ ਘੁੱਟਕੇ ਹੋਰ ਕੋਲ ਨੂੰ ਕਰੀ ਜਾਂਦੀ। ਲੋਕ ਇਹਨਾਂ ਦੇ ਚਮਕਦੇ ਚਿਹਰੇ ਦੇਖ ਦੰਗ ਰਹਿ ਗਏ।

ਕੰਨੋ-ਸੰਨੀ ਹੋ ਇੱਕ-ਦੂਜੇ ਨੂੰ ਪੁੱਛਦੇ ਕਿ ਇਹ ਕੌਣ ਹਨ? ਅਜੇ ਤਾਂਈ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਪੁੱਤਰ ਹਨ। ਉੱਧਰ ਗੰਗੂ ਪਾਪੀ ਨੇ ਪਿੰਡ ਦੇ ਚੌਧਰੀ ਨੂੰ ਜਾ ਦੱਸਿਆ, ਉਸੇ ਚੌਧਰੀ ਨੇ ਗੰਗੂ ਦੇ ਘਰ ‘ਤੇ ਆਪਣੇ ਬੰਦਿਆਂ ਦੀ ਨਿਗਰਾਨੀ ਲਵਾ ਦਿੱਤੀ ਤਾਂ ਕਿ ਕਿਤੇ ਨੱਠ ਨਾ ਜਾਣ। ਆਪ ਦੋਨੋ ਮੋਰਿੰਡੇ ਕੋਤਵਾਲੀ ਦੱਸਣ ਚਲੇ ਗਏ। ਕੋਤਵਾਲੀ ਦੇ ਮੁਖੀ ਜਾਨੀ ਖਾਂ ਤੇ ਮਾਨੀ ਖਾਂ ਦੋਵਾਂ ਭਰਾਵਾਂ ਨੂੰ ਗੰਗੂ ਨੇ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਛੋਟੇ ਪੁੱਤਰ ਬੰਦ ਕੀਤੇ ਹੋਏ ਨੇ, ਤੁਸੀਂ ਜਾ ਕੇ ਫੜ ਲਵੋ ਤੇ ਸਰਕਾਰ ਪਾਸੋਂ ਆਪ ਵੀ ਤੇ ਸਾਨੂੰ ਵੀ ਇਨਾਮ ਦਿਵਾਓ। ਇਸਦੇ ਪਾਪੀ ਮਨ ਨੇ ਮਾਇਆ ਧਾਰਨ ਕਰ ਲਈ ਸੀ। ਇਹ ਅੰਨ੍ਹਾ ਤੇ ਬੋਲਾ ਹੋ ਚੁੱਕਾ ਸੀ, ਧਰਮ-ਕਰਮ ਨੂੰ ਉੱਕਾ ਹੀ ਭੁਲਾ ਬੈਠਾ ਸੀ।

ਚਉਪਈ
ਤਬੈ ਦੁਸਟ ਮਨ ਐਸੇ ਆਈ॥
ਜਾਇ ਮੁਰਿੰਡੇ ਕਹਯੋ ਸੁਨਾਈ॥
ਦੁਇ ਪਠਾਣ ਚੜ੍ਹਿ ਆਏ ਤਬਹੀ॥
ਮਾਤਾ ਜੀ ਕਉ ਪੂਛਯੋ ਜਬਹੀ॥

ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ

ਅਗਲਾ ਭਾਗ………

You may also like these