ਪੰਜ ਕਕਾਰਾਂ ਦਾ ਮਹੱਤਵ
ਜਦੋਂ ਮਨੁੱਖ ਨਾਮ ਅਭਿਆਸ ਵਿਚ ਬੈਠਦਾ ਹੈ ਤਾਂ ਦਸਮ ਦੁਆਰ ਸਿਰ ਵਿਚ ਹੈ। ਇਹ ਜਦੋਂ ਦੁਆਰ ਖੁੱਲਦਾ ਹੈ ਤਾਂ ਰੱਸ ਦੇ ਝਰਨੇ ਵੱਗ ਪੈਂਦੇ ਹਨ ਅਤੇ ਇਹ ਰੱਸ ਸਿਰ ਦੇ ਵਿਚ ਜਮ੍ਹਾ ਹੋ ਜਾਂਦਾ ਹੈ। ਇਹ ਰੱਸ ਛੇਤੀ ਖ਼ਾਰਿਜ ਨਾ ਹੋ ਜਾਏ, ਚਲਾ ਨਾ ਜਾਏ, ਕਾਫ਼ੀ ਸਮੇਂ ਤੱਕ ਬਣਿਆ ਰਹੇ। ਜਿਵੇਂ ਕੋਈ ਮਿੱਠੀ ਚੀਜ਼ ਮਨੁੱਖ ਨੇ ਖਾਧੀ ਹੈ, ਇਕ ਮਿੰਟ, ਦੋ ਮਿੰਟ ਤਾਂ ਮੂੰਹ ਵਿਚ ਮਿਠਾਸ ਰਹਿਣੀ ਹੈ। ਜਿਵੇਂ ਕੋਈ ਕੌੜਾ ਪਦਾਰਥ ਮਨੁੱਖ ਨੇ ਚੱਖਿਆ ਹੈ ਤਾਂ ਛੱਕਣ ਤੋਂ ਬਾਅਦ ਇਕ-ਦੋ ਮਿੰਟ ਤਾਂ ਕੌੜਾਪਣ ਮੂੰਹ ਵਿਚ ਰਹਿੰਦਾ ਹੈ। ਜਿਵੇਂ ਕਿਸੇ ਨੇ ਨਾਮ ਜੱਪਿਆ ਹੈ, ਮਹਾਂ-ਰੱਸ ਮਾਣਿਆ ਹੈ, ਉਹ ਮਹਾਂ-ਰੱਸ ਕੁਝ ਸਮੇਂ ਤੱਕ ਤਾਂ ਰਹਿੰਦਾ ਹੈ। ਜ਼ਿਆਦਾ ਸਮੇਂ ਤੱਕ ਰਹੇ, ਕੇਸ ਮਦਦ ਕਰਦੇ ਹਨ। ਫਿਰ ਕੇਸਾਂ ਵਿਚੋਂ ਵੀ ਇਹ ਸ਼ਕਤੀ, ਇਹ ਰੱਸ ਨਿਕਲ ਨਾ ਜਾਏ ਤਾਂ ਦਸਤਾਰ ਮਦਦ ਕਰਦੀ ਹੈ। ਇਸ ਲਈ ਬਾਕੀ ਦੇ ਜੋ ਕੱਪੜੇ ਅਸੀਂ ਪਹਿਨੇ ਹਨ, ਸਮਾਜਿਕ ਹਨ। ਦਸਤਾਰ ਸਮਾਜਿਕ ਨਹੀਂ ਹੈ, ਧਾਰਮਿਕ ਹੈ। ਪਜਾਮਾ ਪਹਿਨਿਆ ਹੈ, ਟਾਈ ਪਹਿਨੀ ਹੈ, ਪੈਂਟ ਪਹਿਨੀ ਹੈ, ਕੁਝ ਵੀ ਜਿਸਮ ‘ਤੇ ਧਾਰਨ ਕੀਤਾ ਹੈ ਜਾਂ ਕਿਸੇ ਬੀਬੀ ਇਸਤਰੀ ਨੇ ਤਨ ਉੱਤੇ ਜੋ ਵੀ ਧਾਰਨ ਕੀਤਾ ਹੈ, ਸਭ ਸਮਾਜਿਕ ਹੈ।
ਮਸਤਕ ਦੀ ਦਸਤਾਰ ਤਾਂ ਧਾਰਮਿਕ ਹੈ। ਇਸ ਲਈ ਕੋਈ ਤਨ ‘ਤੇ ਹੋਰ ਕੱਪੜਾ ਨਹੀਂ ਤਾਂ ਇਸਨੂੰ ਬੇਇੱਜ਼ਤੀ ਦੀ ਨਿਸ਼ਾਨੀ ਨਹੀਂ ਮੰਨਦੇ। ਪਰ ਸਿਰ ‘ਤੇ ਪੱਗ ਨਹੀਂ ਤਾਂ ਅਗਲਾ ਕਹਿੰਦਾ ਹੈ ਕਿ ਅਗਲੇ ਦੀ ਤਾਂ ਪੱਗ ਲਹਿ ਗਈ। ਪੱਗ ਇੱਜ਼ਤ ਹੈ, ਪੱਗ ਧਰਮ ਹੈ, ਪੱਗ ਅਣਖ ਹੈ, ਪੱਗ ਰੱਸ ਹੈ। ਇਸਦੇ ਵਿਚ ਹੀ ਸਾਰਾ ਰੱਸ ਹੈ। ਇਹੀ ਕਾਰਨ ਹੈ ਕਿ ਆਦਿ ਕਾਲ ਤੋਂ ਵੇਦ ਪਾਠੀ ਸਿਰ ਉੱਤੇ ਬਹੁਤ ਵੱਡਾ ਪੱਗੜ ਬੰਨ੍ਹ ਕੇ ਹੀ ਵੇਦਾਂ ਦਾ ਪਾਠ ਕਰਦੇ ਸਨ। ਨੰਗੇ ਸਿਰ ਕੋਈ ਨਿਮਾਜ਼ੀ ਨਿਮਾਜ਼ ਨਹੀਂ ਪੜ੍ਹਦਾ। ਮੁਹੰਮਦ ਸਾਹਿਬ ਬਹੁਤ ਸੁੰਦਰ ਆਪਣੇ ਸਿਰ ‘ਤੇ ਦਸਤਾਰ ਸਜਾਉਂਦੇ ਸਨ। ਦਸਤਾਰ ਸ਼ਬਦ ਅਰਬੀ ਦਾ ਹੈ। ਸੋ ਇਸਲਾਮੀ ਜਗਤ ਅਰਬ ਦਾ ਦਸਤਾਰ ਸਜਾਉਂਦਾ ਸੀ।