ਗੁਰਬਾਣੀ ਗੁਰੂ ਦੀ ਗਲ ਵੀ ਪਹਿਲੇ ਜਾਮੇਂ ਤੋਂ-
ਗੁਰਬਾਣੀ ਦੇ ਗੁਰੂ ਹੋਣ ਦੀ ਗਲ ਵੀ ਗੁਰੂ ਨਾਨਕ ਪਾਤਸ਼ਾਹ ਨੇ ਹੀ ਸਪਸ਼ਟ ਕਰ ਦਿਤੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਅਪਣਾ ਗੁਰੂ ਵੀ ਕਿਸੇ ਮਨੁਖ ਦਾ ਨਹੀਂ, ਬਲਕਿ ਬਾਣੀ ਅਥਵਾ ਸ਼ਬਦ ਦਾ ਹੋਣਾ ਹੀ ਦ੍ਰਿੜ ਕਰਵਾਇਆ ਹੈ। ਗੁਰਬਾਣੀ ਵਿਚਲੇ ਸੈਕੜੇ ਪ੍ਰਮਾਣ ਇਸ ਗਲ ਦਾ ਸਬੂਤ ਹਨ ਕਿ ਅਰੰਭ ਤੋਂ ਹੀ ਗੁਰਬਾਣੀ ਨੂੰ ਗੁਰੂ ਵਾਲੀ ਪਦਵੀ ਪ੍ਰਾਪਤ ਸੀ। ਇਹੀ ਕਾਰਣ ਹੈ ਕਿ ਸੰਨ 1708 ਵਿਚ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਪਿਆਰਿਆਂ ਨੂੰ ਖੜਾ ਕਰਕੇ, ਦਸਮੇਸ਼ ਜੀ ਰਾਹੀਂ ਮੱਥਾ ਟੇਕ ਦੇਣਾ ਅਤੇ ਹੁਕਮ ਕਰਨਾ- ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ- ਇਥੇ ਗੁਰਬਾਣੀ ਦੇ ਗੁਰੂ ਹੋਣ ਵਾਲੀ ਗਲ ਸੰਗਤਾਂ ਵਾਸਤੇ ਕੋਈ ਨਵੀਂ ਜਾਂ ਅਚਾਨਕ ਨਹੀਂ ਸੀ। ਨਵੀਂ ਗਲ ਤਾਂ ਕੇਵਲ ਇਹ ਸੀ ਕਿ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਨੂੰ ਗੁਰਗੱਦੀ ਬਖਸ਼ ਦਿਤੀ। ਭਾਵ ਇਸ ਗ੍ਰੰਥ ਅੰਦਰ ਹੋਰ ਕੁਝ ਵੀ ਵਧਾਇਆ-ਜੋੜਿਆ ਨਹੀਂ ਜਾ ਸਕਦਾ। ਇਸਤੋਂ ਪਹਿਲਾਂ ਗੁਰੂ ਵਿਅਕਤੀ ਇਸ ਵਿਚ ਵਾਧਾ ਕਰ ਸਕਦੇ ਸਨ। ਨਾਵੇਂ ਪਾਤਸ਼ਾਹ ਦੀ ਰਚਨਾ ਦਸਮੇਸ਼ ਜੀ ਨੇ ਆਪ ਚੜ੍ਹਈ ਸੀ ਪਰ ਪੰਥ ਕੋਲ ਹੁਣ ਇਹ ਅਧੀਕਾਰ ਨਹੀਂ।
ਇਸਤੋਂ ਇਲਾਵਾ “ਪਰਚਾ ਸ਼ਬਦ ਕਾ” ਤੋਂ ਇਹ ਗਲ ਵੀ ਸਪਸ਼ਟ ਹੈ ਕਿ ਸਿੱਖ ਨੇ ਸਰੂਪ ਦਾ ਪੁਜਾਰੀ ਨਹੀਂ ਬਨਣਾ (ਜਿਵੇਂ ਕਿ ਅਜ ਹੋ ਰਿਹਾ ਹੈ) ਬਲਕਿ ਇਸ ਵਿਚਲੇ ਬਾਣੀ ਗਿਆਨ ਦੇ ਦਾਇਰੇ ਵਿਚ ਹੀ ਵਿਚਰਨਾ ਹੈ ਅਤੇ ਹੋਰ ਕਿਸੇ ਵੀ ਰਚਨਾ ਤੋਂ ਜੀਵਨ ਸੇਧ ਨਹੀਂ ਲੈਣੀ। ਫ਼ੁਰਮਾਨ ਹੈ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚˆØੀ ਆਖਿ ਵਖਾਣੀ” (ਪੰ:920)