ਸ਼ਹੀਦੀ ਅਤੇ ਗੁਰਗੱਦੀ ਸੌਪਣਾ
ਪਾਤਸ਼ਾਹ ਜਦੋਂ ਅਪਣੀ ਗਲ ਤੇ ਅਡਿੱਗ ਰਹੇ ਤਾਂ ਮਨਵਾਉਣ ਦੀ ਰੱਟ ਨੂੰ ਲੈਕੇ ਜਹਾਂਗੀਰ ਦੇ ਹੁਕਮ ਨਾਲ (ਅਸਲ ਵਿਚ ਮੁਰਤਜ਼ਾ ਖਾਂ ਦੇ ਹੁਕਮ ਨਾਲ) ਚੰਦੂ ਨੂੰ ਅਗੇ ਕਰਕੇ ਪਾਤਸ਼ਾਹ ਨੂੰ ਅਸਿਹ ਤਸੀਹੇ ਦਿਤੇ ਗਏ। ਪਵਿਤ੍ਰ ਸਰੀਰ ਨੂੰ ਉਬਲਦੇ ਪਾਣੀ ਵਿਚ ਆਲੂ ਦੀ ਤਰ੍ਹਾਂ ਉਬਾਲਿਆ ਗਿਆ। ਹੇਠਾਂ ਅੱਗ ਬਾਲ ਕੇ ਸੀਸ ਵਿਚ ਰੇਤ ਦੇ ਕੱੜਛੇ ਪਾਏ ਗਏ। ਜਦੋਂ ਗਲ ਹਥੌਂ ਬਾਹਿਰ ਨਿਕਲ ਗਈ ਤਾਂ, ਲੋਕਾਈ ਦੇ ਵਿਰੋਧ ਤੋਂ ਬਚਨ ਲਈ ਸਰੀਰ ਨੂੰ ਚੁਪ ਚਪੀਤੇ ਰਾਵੀ ਦਰਿਆ ਵਿਚ ਬਹਾ ਦਿਤਾ ਗਿਆ। ਬਹਾਨਾ ਘੜਿਆ ਗਿਆ-ਗੁਰੂ ਸਾਹਿਬ ਨੇ ਰਾਵੀ ਵਿਚ ਇਸ਼ਨਾਨ ਦੀ ਇੱਛਾ ਆਪ ਪ੍ਰਗਟ ਕੀਤੀ ਅਤੇ ਉਸੇ ਵਿਚ ਅਲੋਪ ਹੋ ਗਏ । ਇਸਤਰ੍ਹਾਂ 30 ਮਈ ਸੰਨ 1606 ਨੂੰ ਪਾਤਸ਼ਾਹ ਨੂੰ ਸ਼ਹੀਦ ਕਰ ਦਿਤਾ ਗਿਆ।
ਤਸੀਹੇ ਭਰਭੂਰ ਸ਼ਹਾਦਤ ਦਾ ਮੁੱਖ ਕਾਰਣ
ਆਦਿ ਬੀੜ ਵਿਚ ਮਿਲਾਵਟ ਨੂੰ ਕਬੂਲ ਨਾ ਕਰਨਾ ਅਤੇ ਇਸਦੇ ਸਾਹਮਣੇ ਅਪਣੇ ਪਰਮ ਪਵਿਤ੍ਰ ‘ਗੁਰੂ ਸਰੀਰ’ ਨੂੰ ਵੀ ਤੁੱਛ ਸਾਬਿਤ ਕਰ ਦੇਣਾ- ਇਹ ਸੀ ਸ਼ਹਾਦਤ ਦਾ ਮੁੱਖ ਕਾਰਣ- ਚੰਦੂ-ਖੁਸਰੋ, ਤਾਂ ਕੇਵਲ ਵੱਕਤੀ ਬਹਾਨੇ ਸਨ। ਸ਼ਹਾਦਤ ਦਾ ਇੱਤਨਾ ਵਡਾ ਪ੍ਰਤੀਕਰਮ ਹੋਇਆ ਜਿਸਨੂੰ ਸਹਾਰਨ ਦੀ ਹਿੰਮਤ ਹਕੂਮਤ ਪਾਸ ਨਹੀਂ ਸੀ। ‘ਤੁਜ਼ਕੇ ਜਹਾਂਗੀਰੀ’ ਅਨੁਸਾਰ ਹਕੂਮਤ ਦੇ ਇਸ ਬਾਰੇ ਤਿੰਨ ਫੁਰਮਾਨ ਸਨ ‘ਯਾਸਾ ਦੇ ਕਾਨੂਨ ਅਧੀਨ ਪੰਜਵੇਂ ਸਤਿਗੁਰਾਂ ਨੰੁੂ ਸ਼ਹੀਦ ਕਰਨਾ’ ਦੂਜਾ ‘ਉਨ੍ਹਾਂ ਦੇ ਘਰ ਘਾਟ ਦੀ ਕੁਰਕੀ’ ਅਤੇ ਤੀਜਾ ‘ਬਾਲ ਬੱਚੇ ਨੂੰ ਕੈਦ ਕਰਨਾ’। ਇਸਦੇ ਉਲਟ ਸ਼ਹਾਦਤ ਉਪਰੰਤ ਹਕੂਮਤ ਇੱਤਨੀ ਡੱਗਮਗਾਈ ਕਿ ਸਾਰੇ ਫੁਰਮਾਨ ਧਰੇ ਧਰਾਏ ਰਹਿ ਗਏ। ਯਾਸਾ ਵਾਲੀ ਗਲ ਵੀ ਕੇਵਲ ਵਿੱਗੜ ਚੁਕੇ ਹਾਲਾਤ ਨੂੰ ਪ੍ਰਸੰਗਕ ਦਸਨਾ ਸੀ। ਇਥੇ ਹੀ ਬਸ ਨਹੀਂ ਅਪਣੀ ਚਮੜੀ ਬਚਾਉਣ ਲਈ ਹਕੂਮਤ ਵਲੋਂ ‘ਪਾਤਸ਼ਾਹ ਉਪਰ ਖੁਸਰੋ ਦੀ ਮਦਦ ਦਾ ਇਲਜ਼ਾਮ ਘੜਿਆ ਗਿਆ। ਸਮੇਂ ਦੀਆ ਖੋਜਾਂ ਤੋਂ ਸਾਬਤ ਹੋ ਚੁਕਾ ਹੈ ਕਿ ਪਾਤਸ਼ਾਹ ਦਾ ਖੁਸਰੋ ਨਾਲ ਕਦੇ ਮੇਲ ਹੀ ਨਹੀਂ ਸੀ ਹੋਇਆ। ਮੁਰਤਜ਼ਾ ਖਾਂ ਨੇ ਵੀ ਇਸ ਕਾਰੇ ਵਾਸਤੇ, ਗੁਰੂ ਦਰਬਾਰ ਦੇ ਦੋਖੀ[ ਚੰਡਾਲ ਚੌਂਕੜੀ ਦੇ ਕਰਿੰਦੇ ਦਿਵਾਨ ਚੰਦੂ ਨੂੰ ਵਰਤਿਆ। ਚੰਦੂ ਸ਼ਾਹੀ ਖਜ਼ਾਨੇ ਵਿਚ ਇਕ ਮਾਮੂਲੀ ਜਿਹਾ ਕਰਮਚਾਰੀ ਸੀ। ਅਸਲ ਵਿਚ ਇਸ ਸਾਰੀ ਘੱਟਨਾ ਵਿਚ ਮੁਖ ਦੋਸ਼ੀ ਜਹਾਂਗੀਰ ਹੀ ਸੀ। ਆਖਿਰ ਬਾਦਸ਼ਾਹ ਤਾਂ ਉਹੀ ਸੀ ਸਮੇਂ ਦਾ ਕੱਠਪੁਤਲੀ ਬਾਦਸ਼ਾਹ ਜੇਕਰ ਥੋੜੀ ਹਿੰਮਤ ਤੋਂ ਕੰਮ ਲੈਂਦਾ ਤਾਂ ਇਤਿਹਾਸ ਕੁਝ ਹੋਰ ਹੀ ਹੁੰਦਾ।
ਸ਼ਹਾਦਤ ਤੋਂ ਇਕ ਦੰਮ ਬਾਦ ਛੇਵੇਂ ਪਾਤਸ਼ਾਹ ਰਾਹੀਂ ਅਕਾਲਬੁੰਗੇ (ਮੌਜੂਦਾ ਅਕਾਲ ਤਖਤ ) ਦੀ ਕਾਇਮੀ; ਸੰਗਤਾਂ ਵਾਸਤੇ ਜੁਆਨੀਆਂ ਅਤੇ ਸ਼ਸਤਰ ਭੇਟਾ ਲੈਕੇ ਆਉਣ ਦੇ ਹੁਕਮਨਾਮੇ; ਜਹਾਂਗੀਰ ਰਾਹੀਂ ਚੰਦੂ ਨੂੰ ਸਜ਼ਾ ਵਾਸਤੇ ਲਾਹੌਰ ਦੀਆਂ ਸੰਗਤਾਂ ਦੇ ਹਵਾਲੇ ਕਰਨਾ; ਸੰਗਤਾਂ ਹਥੋਂ ਚੰਦੂ ਨੂੰ ਤਸੀਹੇ ਦੇਕੇ ਮਾਰਨਾ; ਜਹਾਂਗੀਰ ਵਲੋਂ ਛੇਵੇਂ ਪਾਤਸ਼ਾਹ ਨਾਲ ਸੁਲਾਹ ਲਈ ਉਤਾਵਲਾਪਨ ਅਤੇ ਪਾਤਸ਼ਾਹ ਨਾਲ ਅੰਮ੍ਰਿਤਸਰ ਪੁਜਕੇ ਪਸ਼ਚਾਤਾਪ-ਇਹ ਸਭ ਗਲਾਂ ਇਤਿਹਾਸ ਦੀ ਬਿਲਕੁਲ ਬਦਲੀ ਹੋਈ ਤਸਵੀਰ ਨੂੰ ਪੇਸ਼ ਕਰਦੀਆਂ ਹਨ। ਇਸਦੇ ਨਾਲ ਇਸ ਗਲ ਨੂੰ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅੰਤਰਜਾਮੀ ਸਤਿਗੁਰਾਂ ਨੇ ਅਪਣੇ ਲਾਹੌਰ ਚਲਨ ਤੋਂ ਪਹਿਲਾਂ ਹੀ ਗੁਰਗੱਦੀ ਦੀ ਜਿ਼ਮੇਵਾਰੀ ਅਪਣੇ ਇਕਲੌਤੇ ਸਪੁਤ੍ਰ 11 ਸਾਲ ਦੇ ਹਰਿਗੋਬਿੰਦ ਜੀ ਨੂੰ ਸੌਂਪ ਦਿਤੀ ਸੀ।
ਸਿੱਟਾ ਇਹ ਕਿ ਇਹ ਮਹਾਨ ਸ਼ਹਾਦਤ ਨਕਸ਼ਬੰਦੀ ਲਹਿਰ ਅਤੇ ਜਨੂੰਨੀ ਤਾਕਤਾਂ ਦੀ ਬੋਖ਼ਲਾਹਟ ਦਾ ਨਤੀਜਾ ਸੀ। ਪਰ ਕਿਸੇ ਵੀ ਹੀਲੇ ਨਾ ਤਾਂ ਉਹ ਸਿੱਖ ਲਹਿਰ ਨੂੰ ਦਬਾ ਸਕੇ, ਅਤੇ ਨਾ ਹੀ ਆਦਿ ਬੀੜ ਵਿਚ ਕੋਈ ਮਿਲਾਵਟ ਹੀ ਹੋ ਸਕੀ। ਵਿਰੋਧ ਨੂੰ ਠੰਡਾ ਕਰਨ ਵਾਸਤੇ ਅਤੇ ਲੋਕਾਈ ਦੀ ਸੋਚ ਬਦਲਣ ਵਾਸਤੇ, ਖੁਸਰੋ ਦੀ ਮਦਦ ਜਾਂ ਚੰਦੂ-ਰਾਵੀ ਇਸ਼ਨਾਨ ਵਾਲੀਆ ਗਲਾਂ ਤਾਂ ਕੇਵਲ ਵੱਕਤੀ ਸ਼ੋਸ਼ੇ ਸਨ। ਇਸਦੇ ਉਲਟ ਜਨੂੰਨੀਆਂ ਦੀਆਂ ਇਨ੍ਹਾਂ ਘਿਨਾਉਣੀਆਂ ਕਰਤੂਤਾਂ ਦਾ ਸਿੱਟਾ, ਜਹਾਂਗੀਰ ਅਤੇ ਉਸਦੀ ਹਕੂਮਤ ਨੂੰ ਕਈ ਪਾਪੜ ਵੇਲਨੇ ਪਏ ਤਾਕਿ ਉਨ੍ਹਾਂ ਦੀ ਸਾਂਝ ਗੁਰੂਦਰ ਨਾਲ ਫਿਰ ਤੋਂ ਬਣ ਆਵੇ ਅਤੇ ਸੰਗਤਾਂ ਦੇ ਵਿਰੋਧ ਤੋਂ ਵੀ ਬਚਿਆ ਜਾ ਸਕੇ।