“ਜਨਮ ਲੈਣਾ” ਜਾਂ “ਪ੍ਰਗਟ ਹੋਣਾ” – ਦਰਅਸਲ ਸਬੰਧਤ ਪੰਕਤੀਆਂ ਸਬੰਧੀ ਸਾਡੇ ਜਿਹੜੇ ਸੱਜਨ ਉੱਖੜ ਰਹੇ ਹਨ, ਉਹਨਾਂ ਨੂੰ ਅਕਾਲਪਰਖ ਦਾ ‘ਪ੍ਰਗਟ ਹੋਣਾ’ ਤੇ ਅਕਾਲ ਪੁਰਖ ਰਾਹੀਂ ‘ਜਨਮ ਲੈਣਾ’, ਦੋਨਾਂ ਲਫ਼ਜ਼ਾਂ ਦੇ ਅੰਤਰ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਠੀਕ ਹੈ ਕਿ ਗੁਰਬਾਣੀ ਅਨੁਸਾਰ ਅਕਾਲਪੁਰਖ ਅਜੂਨੀ ਹੈ, ਜਨਮ ਮਰਣ `ਚ ਨਹੀਂ ਆਉਂਦਾ। ਇਸ ਤੋਂ ਬਾਅਦ ਇਥੇ ਇਹ ਵੀ ਦੇਖਣ ਦੀ ਲੋੜ ਹੈ ਕਿ ਇਥੇ ਸਬੰਧਤ ਪੰਕਤੀਆਂ `ਚ ਅਕਾਲਪੁਰਖ ਦੇ ਜਨਮ ਲੈਣ ਦਾ ਵਿਸ਼ਾ ਹੈ ਹੀ ਨਹੀਂ। ਇਥੇ ਤਾਂ “ਗੁਰੂ ਸਾਹਿਬਾਨ ਦੇ ਜੀਵਨ ਅੰਦਰੋਂ ਅਕਾਲਪੁਰਖ ਦੇ ਪ੍ਰਗਟ ਹੋਣ ਦਾ ਵਿਸ਼ਾ ਹੈ। ਦੋਨਾਂ ਗੱਲਾਂ `ਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਕੇਵੱਲ ਇਸ ਪਾਸੇ ਕੁੱਝ ਗਹਿਾਈ ਤੋਂ ਧਿਆਨ ਦੇਣ ਦੀ ਲੋੜ ਹੈ, ਵਿਸ਼ਾ ਆਪਣੇ ਆਪ ਸਪਸ਼ਟ ਹੋ ਜਾਵੇਗਾ।
“ਆਪਿ ਨਰਾਇਣੁ ਕਲਾ ਧਾਰਿ. .”-ਉਪ੍ਰੰਤ ਦਸੋਂ ਗੁਰੂ ਹਸਤੀਆਂ ਦੀ ਗੱਲ ਹੀ ਸੰਸਾਰ ਤੋਂ ਵੱਖਰੀ ਹੈ। ਉਹ ਗੁਰੂ ਹਸਤੀਆਂ ਜਿਨ੍ਹਾਂ ਦੀ ਬਦੋਲਤ ਹੀ ਅੱਜ ਸਾਨੂੰ ਉਸ ਕਰਤੇ ਅਕਾਲਪੁਰਖ ਦਾ ਪ੍ਰਗਟਾਵਾ, ਜੁਗੋ ਜੁਗ ਅਟੱਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਤੱਖ ਦਰਸ਼ਨ ਹੋ ਰਹੇ ਹਾਂ। ਵਿਚਾਰਣ ਦਾ ਵਿਸ਼ਾ ਹੈ, ਜੇਕਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸ ਜਾਮਿਆ `ਚ ੨੩੯ ਸਾਲਾਂ ਦਾ ਸਮਾਂ ਲਗਾ ਕੇ ਸੰਸਾਰ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਦਾਤ ਹੀ ਨਾ ਬਖ਼ਸ਼ੀ ਹੁੰਦੀ ਤਾਂ ਅੱਜ ਸਾਡੀ ਸੋਚ ਤੇ ਸਾਡੀ ਰਹਿਣੀ ਕੀ ਹੁੰਦੀ? ਯਕੀਨਣ ਸਾਡੀ ਸੋਚ ਵੀ ਅੱਜ ਉਹੀ ਹੁੰਦੀ ਜੋ ਬਾਕੀ ਸੰਸਾਰ ਦੀ ਹੈ। ਅਸੀਂ ਵੀ ਗੁਰੂ ਪਾਤਸ਼ਾਹੀਆਂ ਦੀ ਬਦੋਲਤ ਜਿਨ੍ਹਾਂ ਲਖਾਂ-ਕਰੋੜਾਂ, ਇਸ਼ਟਾਂ, ਥਿਤਾਂ-ਵਾਰਾਂ, ਵਹਿਮਾਂ-ਭਰਮਾਂ ਆਦਿ ਤੋਂ ਬਚੇ ਤੇ ਸੁਚੇਤ ਹੋਏ ਹਾਂ, ਉਥੇ ਦੇ ਉਥੇ ਹੀ ਫ਼ਸੇ ਹੁੰਦੇ। ਸਾਡੀ ਅਜਿਹੀ ਮਾਨਸਕ ਅਵਸਥਾ ਦੇ ਹੁੰਦਿਆਂ ਸਾਡੇ ਮਨਾਂ ਅੰਦਰ ਤਾਂ ਅਜਿਹੇ ਕੱਚੇ ਸੁਆਲ ਹੀ ਪੈਦਾ ਨਹੀਂ ਸਨ ਹੋਣੇ। ਬਲਕਿ ਗੁਰੂ ਸਾਹਿਬਾਨ ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਬਿਨਾ ਨਾ ਹੀ ਕੋਈ ਸਮਝਾ ਸਕਦਾ ਕਿ ਸਾਡੇ ਨਿੱਤ ਹੀ ਆਪ ਮਿਥੇ ਜਾ ਰਹੇ ਭਗਵਾਨਾਂ-ਇਸ਼ਟਾਂ `ਚ ਅਤੇ ਸਹੀ ਅਰਥਾਂ `ਚ ਸੰਸਾਰ ਦੇ ਇਕੋ-ਇੱਕ ਕਰਤੇ ਅਕਾਲਪੁਰਖ `ਚ ਫ਼ਰਕ ਕਿੱਥੇ ਹੈ?
ਇਸੇ ਤਰ੍ਰਾਂ ਅਜਿਹੀ ਸੋਚ ਕਿ ਭਟਾਂ ਨੇ ਪੰਚਮ ਪਾਤਸ਼ਾਹ ਬਾਰੇ ਪਰਤਖ੍ਯ੍ਯ ਹਰਿ” ਕਿਵੇਂ ਲਿਖ ਦਿੱਤਾ ਜਾਂ ਉਹਨਾਂ ਅੰਦਰ ਅਕਾਲਪੁਰਖ ਦੇ ਹੀ ਸਰਬ ਵਿਆਪੀ ਸਰਬਗੁਣਾਂ ਦੀ ਗੱਲ ਕਿਵੇਂ ਕੀਤੀ ਗਈ ਹੈ? ਉਹਨਾਂ ਲਈ ਸਰਬ ਵਿਆਪੀ ਆਦਿ ਵਰਗੀ ਸ਼ਬਦਾਵਲੀ ਕਿਵੇਂ ਵਰਤੀ ਗਈ? ਜਦਕਿ ਭਲੀ ਪ੍ਰਕਾਰ ਵੇਰਵਾ ਦੇ ਚੁੱਕੇ ਹਾਂ ਕਿ ਗੁਰਬਾਣੀ `ਚ, ਸਿੱਖ ਦੇ ਰਿਸ਼ਤੇ `ਚ ਜਿਸ ਗੁਰੂ ਪਦ ਦੀ ਗੱਲ ਕੀਤੀ ਗਈ ਹੈ ਗੁਰਬਾਣੀ `ਚ ਉਹ ਗੁਰੂ ਪਦ ਘਟੋ ਘਟ ਤਿੰਨ ਪੱਖਾਂ `ਚ ਆਇਆ ਹੈ। ਉਸ ਦੇ ਸਿੱਖ ਲਈ ਅਰਥ ਸੀਮਿਤ, ਵਿਸ਼ੇਸ਼ ਤੇ ਪ੍ਰਭੂ ਮਿਲਾਵੇ ਵੱਜੋਂ ਹਨ। ਉਸੇ ਹੀ ਗੁਰੂ ਤੇ ਅਕਾਲਪੁਰਖ ਨੂੰ ਇੱਕ ਵੀ ਦਸਿਆ ਹੈ। ਉਪ੍ਰੰਤ ਅਜਿਹੇ ਸ਼ਬਦ ਵੀ ਗੁਰਬਾਣੀ `ਚ ਬਹੁਤ ਆਏ ਹਨ ਜਦੋਂ ਅਕਾਲਪੁਰਖ ਦੇ ਸਰਬ ਗੁਣਾਂ ਨੂੰ ਗੁਰੂ ਦੇ ਗੁਣ ਤੇ ਉਸ ਗੁਰੂ ਦੀ ਸੀਮਾ ਵੀ ਬਿਆਨਿਆ ਹੈ। ਸ਼ਰਤ ਇੱਕੋ ਹੈ ਕਿ ਗੁਰਬਾਣੀ `ਚ ਗੁਰੂ ਪਦ ਦੇ ਉਹ ਵਿਸ਼ੇਸ਼, ਨਿਵੇਕਲੇ ਤੇ ਨਵੀਨ ਅਰਥ ਲਏ ਜਾਣ ਜਦੋਂ ਗੁਰੂ ਮਨੁੱਖਾ ਜੀਵਨ ਲਈ ਸਿਧਾ ਅਕਾਲਪੁਰਖ ਦਾ ਹੀ ਮਿਲਾਵਾ ਹੈ। ਇਸ ਦੇ ਨਾਲ ਹੀ ਗੁਰਬਾਣੀ ਰਾਹੀਂ ਸਿੱਖ ਲਈ ਪ੍ਰਗਟ ਅਜਿਹੇ ਗੁਰੂ ਪਦ ਦੇ ਅਰਥ ਲੈਣ ਸਮੇਂ ਸਾਡੇ ਮਨਾ `ਤੇ ਗੁਰੂ ਪਦ ਵਾਲੇ ਪੁਰਾਤਨ ਤੇ ਪ੍ਰਚਲਤ ਅਰਥਾਂ ਦਾ ਲੇਸ਼ ਮਾਤ੍ਰ ਵੀ ਪ੍ਰਭਾਵ ਨਹੀਂ ਹੋਣਾ ਚਾਹੀਦਾ।