Gurbani Vich Roopak Alankaar – Part-11 – 29-8-26

(10) ਧੌਲੁ ਧਰਮੁ ਦਇਆ ਕਾ ਪੂਤ- ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਧਰਤੀ ਨੂੰ ਸ਼ੇਸ਼ਨਾਗ ਨੇ ਆਪਣੇ ਫਨਾਂ `ਤੇ ਨਹੀਂ ਤਾਂ ਬਲਦ ਨੇ ਆਪਣੇ ਸਿੰਙ `ਤੇ ਚੁੱਕਿਆ ਦਾ ਹੈ। ਜਦੋਂ ਉਹ ਸਿੰਙ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ। ਸਦੀਆਂ ਪਹਿਲਾਂ ਗੁਰੂਨਾਨਕ ਪਾਤਸ਼ਾਹ ਨੇ ਅਜੇਹੇ ਪ੍ਰਚਲਣਾ ਨੂੰ ਨਕਾਰਿਆ। ਬਾਣੀ ‘ਜਪੁ ਪ: 16 `ਚ ਸੁਆਲ ਕੀਤਾ ਕਿ ਪਹਿਲਾਂ ਤਾਂ ਇਹ ਦਸੋ ਕਿ “ਧਵਲੈ ਉਪਰਿ ਕੇਤਾ ਭਾਰੁ” ਹੈ। ਦੂਜਾ “ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ”। ਫ਼ਿਰ ਪਉੜੀ ਦੇ ਆਰੰਭ `ਚ ਹੀ ਪਾਤਸ਼ਾਹ ਨੇ ਬੜਾ ਰੋਚਕ ਰੂਪਕ ਅਲੰਕਾਰ ਬੰਨ੍ਹ ਕੇ ਸਮਝਾਇਆ “ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ … “ ਕੇਵਲ ਧਰਤੀ ਹੀ ਨਹੀਂ ਬਲਕਿ ਸਾਰੀ ਰਚਨਾ ਨੂੰ ਚਿੱਟੇ (ਬਿਨਾ ਖੋਟ) ਧਰਮ ਰੂਪੀ (ਧੋਲ) ਬੈਲ, ਜਿਸਨੂੰ ਜਨਮ ਵੀ ਪ੍ਰਭੂ ਨੇ ਹੀ ਦਿੱਤਾ ਹੈ। ਉਸ ਬੈਲ ਨੇ ਚੁੱਕਿਆ ਦਾ ਹੈ ਪਰ ਬੈਲ ਉਹ ਨਹੀਂ ਜਿਹੜਾ ਤੁਸੀਂ ਕਹਿੰਦੇ ਹੋ। ਇਸ ਤਰ੍ਹਾਂ ਪ੍ਰਭੂ ਦੀ ਹੁਕਮ ਵਾਲੀ ਖੇਡ ਤੋਂ ਪੈਦਾ ਹੋਇਆ ਬਿਨਾ ਖੋਟ-ਧਰਮ (ਬੈਲ਼) ਸੰਤੋਖ ਦਾ ਧਾਗੇ `ਚ ਪਰੁਚਾ ਹੋਇਆ ਹੈ। ਇਸਤਰ੍ਹਾਂ ਸਾਰੀ ਰਚਨਾ ਹੀ ਕਰਤੇ ਦੇ ਹੁਕਮ `ਚ ਬਝੀ ਹੋਈ ਹੈ। ਦੇਖਣ ਦੀ ਗਲ ਹੈ ਕਿ ਅਜੇਹੀਆਂ ਬੇਸਿਰ ਪੈਰ ਮਨੌਤਾਂ ਨੂੰ ਕੱਟਣ ਲਈ ਗੁਰਦੇਵ ਨੇ ਉਹੀ ਸ਼ਬਦਾਵਲੀ ਪਰ ਬਦਲਵੇਂ ਅਰਥਾਂ `ਚ ਵਰਤੀ ਹੈ।

(12) “ਧਨਿ ਧੰਨਿ ਓ ਰਾਮ ਬੇਨੁ ਬਾਜੈ” (ਪੰ: 988) ਭਗਤ ਨਾਮਦੇਵ ਇਸ ਸ਼ਬਦ `ਚ ‘ਅਵਤਾਰ ਪੂਜਾ’ `ਚ ਉਲਝੇ ਮਨੁੱਖ ਨੂੰ ਰੂਪਕ ਅਲੰਕਾਰ ਵਰਤ ਕੇ ਉਸੇ ਦੇ ਬੋਲੀ `ਚ ਸਮਝਾਂਦੇ ਹਨ “ਹੇ ਭਾਈ! ਤੂੰ ਦੇਵਕੀ ਸੁੱਤ ਕ੍ਰਿਸ਼ਨ ਨੂੰ ਹੀ ਰੱਬ ਸਮਝ ਕੇ ਉਸਦੀ ਬੰਸਰੀ ਦਾ ਸ਼ੈਦਾਈ ਹੋ ਗਿਆ ਪਰ ਕਰਤੇ ਰਾਮ ਦੀ ਰਚਨਾ ਰੂਪੀ ਬੰਸਰੀ, ਜਿਹੜੀ ਕਿ ਹਰ ਸਮੇਂ ਆਪਣੇ ਆਪ ਵੱਜ ਰਹੀ ਹੈ, ਉਸਦੀ ਤੈਨੂੰ ਪਛਾਣ ਨਾ ਆਈ।। ਤੂੰ ਕ੍ਰਿਸ਼ਨ ਦੀ ਕੰਬਲੀ ਨੂੰ ਹੀ ਰੱਬ ਦੀ ਕੰਬਲੀ ਮੰਨ ਬੈਠਾ, ਪਰ ਪ੍ਰਭੂ ਦੀ ਹਰ ਸਮੇਂ ਓੜੀ ਹੋਈ ਬੱਦਲਾਂ ਰੂਪੀ ਕੰਬਲੀ ਦੀ ਤੈਨੂੰ ਸਮਝ ਨਾ ਆਈ। ਕਰਤੇ ਦੀ ਰਚਨਾ ਅੰਦਰ ਧਰਤੀ ਰੂਪੀ ਮਾਤਾ ਦੇਵਕੀ ਰੋਜ਼ਾਨਾ ਪਤਾ ਨਹੀਂ ਕਿੰਨੇ ਕ੍ਰਿਸ਼ਨਾਂ ਨੂੰ ਜਨਮ ਦੇ ਰਹੀ ਹੈ ਪਰ ਤੂੰ ਇੱਕ ਕ੍ਰਿਸ਼ਨ ਨੂੰ ਜਨਮ ਦੇਣ ਵਾਲੀ ਦੇਵਕੀ ਨੂੰ ਹੀ ਮਾਤਾ ਮੰਨ ਬੈਠਾ। ਲੋੜ ਹੈ, ਤੂੰ ਉਸ ਕਰਤਾਰ ਨੂੰ ਸਮਝ ਤੇ ਉਸੇ ਤੋਂ ਕੁਰਬਾਨ ਜਾ। ਦੇਖਣ ਦੀ ਗਲ ਹੈ ਕਿ ਇਥੇ ਨਾਮਦੇਵ ਜੀ ਨੇ ‘ਕ੍ਰਿਸ਼ਨ ਦੀ ਬੰਸਰੀ’ ਵਾਲੇ ਪ੍ਰਚਲਤ ਲ਼ਫ਼ਜ਼ ਨੂੰ ਵੀ ਆਪਣੇ ਢੰਗ ਨਾਲ ਵਰਤਿਆ ਹੈ।

You may also like these