(2) “ਸੰਬਤਿ ਸਾਹਾ ਲਿਖਿਆ” –ਬ੍ਰਾਹਮਣੀ ਸ਼ਾਦੀਆਂ ਬਾਰੇ ਦੋ ਗੱਲਾਂ (੧) ਕਨਿਆਂ-ਦਾਨ ਲਈ ਮਹੂਰਤ ਬ੍ਰਾਹਮਣ ਤੋਂ ਹੀ ਘਢਵਾਇਆ ਜਾਂਦਾ ਹੈ ਤੇ ਮਹੂਰਤ ਦੇ ਸਮੇਂ ਨੂੰ ਅੱਗੇ ਪਿਛੇ ਨਹੀਂ ਕੀਤਾ ਜਾਂਦਾ। (੨) -ਉਥੇ ਬੱਚੀ ਦੀ ਸ਼ਾਦੀ ਨਹੀਂ ਬਲਕਿ ‘ਕਨਿਆਂ ਦਾਨ’ ਹੁੰਦਾ ਹੈ। ਚੂੰਕਿ ਦਾਨ ਦਿੱਤੀ ਵਸਤ ਵਾਪਿਸ ਨਹੀਂ ਲਈ ਜਾਂਦੀ, ਇਸ ਲਈ ਪ੍ਰਚਲਣ ਹੈ ‘ਜਨਮ ਪਿਤਾ ਦੇ ਘਰ, ਅਰਥੀ ਪਤੀ ਦੇ ਘਰ’। ਉਪ੍ਰੰਤ, ਪਹਿਲਾਂ ਬੱਚੀ ਨੂੰ ਮਾਂਈਏਂ ਪਾਇਆ ਜਾਂਦਾ ਹੈ। ਜਿਸ `ਚ ਚਾਚੀਆਂ, ਤਾਈਆਂ, ਭਰਜਾਈਆਂ, ਸਹੇਲੀਆਂ ਵਿਆਹ ਵਾਲੀ ਕੁੜੀ ਦੇ ਸਿਰ `ਚ ਤੇਲ ਪਾਂਦੀਆਂ, ਵੱਟਣਾ ਮਲਦੀਆਂ ਤੇ ਇਸ਼ਨਾਨ ਕਰਵਾਂਦੀਆਂ ਤੇ ਨਾਲ ਨਾਲ ਖੁਸ਼ੀ-ਵੈਰਾਗ-ਅਸੀਸਾਂ ਦੇ ਮਿਲਵੇਂ ਗੀਤ ਗਾਂਦੀਆਂ ਹਨ। ਖੁਸ਼ੀ ਤੇ ਅਸੀਸਾਂ ਇਸ ਲਈ ਕਿ ਬੱਚੀ ਆਪਣੇ ਪਤੀ ਦੇ ਘਰ ਜਾ ਕੇ ਸੁਖੀ ਵੱਸੇ। ; ਦੂਜੇ ਪਾਸੇ ਵੈਰਾਗ- ਮਾਪਿਆਂ, ਪ੍ਰਵਾਰ, ਸਹੇਲੀਆਂ ਆਦਿ ਕੋਲੋਂ ਵਿਛੋੜੇ ਦਾ।
ਇਸ ਤਰ੍ਹਾਂ ਜਿਵੇਂ ਵਿਆਹ ਲਈ ਸਮਾਂ-ਮੁਹੂਰਤ ਮਿਥਿਆ ਹੁੰਦਾ ਹੈ। ਜਦਕਿ ਸੰਸਾਰਕ ਸਮਾਂ ਤਾਂ ਫ਼ਿਰ ਵੀ ਵਧ-ਘਟ ਹੋ ਜਾਂਦਾ ਹੈ। ਪਰ ਜਦੋਂ ਜੀਵ ਨੇ ਸਾਕਾਂ ਸੰਬੰਧੀਆਂ ਤੋਂ ਵਿਛੁੜ ਕੇ, ਸੰਸਾਰ-ਪੇਕੇ ਨੂੰ ਛੱਡ ਕੇ, ਪਤੀ ਪ੍ਰਮੇਸ਼ਵਰ ਦੇ ਘਰ ਜਾਣਾ ਹੈ ਤਾਂ ਇਹ ਸਮਾਂ ਪਹਿਲਾਂ ਤੋਂ ਮਿਥਿਆ ਤੇ ਅਟੱਲ ਹੁੰਦਾ ਹੈ। ਗੁਰਦੇਵ ਇਥੇ “…ਸੰਬਤਿ ਸਾਹਾ ਲਿਖਿਆ, ਮਿਲਿ ਕਰਿ ਪਾਵਹੁ ਤੇਲੁ॥ ਦੇਹੁ ਸਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲੁ॥ ੩ ॥ ਘਰਿ ਘਰਿ ਏਹੋ ਪਾਹੁਚਾ, ਸਦੜੇ ਨਿਤ ਪਵੰਨਿ॥ ਸਦਣਹਾਰਾ ਸਿਮਰੀਐ, ਨਾਨਕ ਸੇ ਦਿਹ ਆਵੰਨਿ” (ਸੋਹਿਲਾ) ਉਸੇ ਬ੍ਰਾਹਮਣੀ ਰੀਤ ਦਾ ਰੂਪਕ ਅਲ਼ੰਕਾਰ ਬੰਨ੍ਹ ਕੇ ਜੀਵ ਇਸਤ੍ਰੀ ਨੂੰ ਸਮਝਾਂਦੇ ਹਨ, ਐ ਜੀਵ ਇਸਤ੍ਰੀ! ਤੂੰ ਆਪਣੇ ਮਨੁੱਖਾ ਜਨਮ ਨੂੰ ਕੇਵਲ ਇਨ੍ਹਾਂ ਰਸਮਾਂ ਰਿਵਾਜਾਂ ਦੀ ਜੱਕੜ `ਚ ਰਹਿ ਕੇ ਬਰਬਾਦ ਨਾ ਕਰ। ਸਤਿਸੰਗ `ਚ ਬੈਠ ਕੇ ਸੁਹਾਗ (ਪ੍ਰਭੂ ਮਿਲਾਪ) ਦੇ ਗੀਤ ਗਾਇਆ ਤੇ ਸੁਣਿਆ ਕਰ। ਸਤਿ-ਸੰਗ ਹੀ ਤੇਰੇ ਲਈ ਅਸਲ ਮਾਂਈਏਂ ਪੈਣਾ ਹੈ। ਤਾਂ ਤੇ ਐ ਜੀਵ-ਇਸਤ੍ਰੀਓ! ਤੁਸੀਂ ਇੱਕ ਦੂਜੀ ਨੂੰ ਅਸੀਸਾਂ ਦੇਵੋ ਤੇ ਅਰਦਾਸਾਂ ਕਰੋ ਕਿ ਪ੍ਰਲੋਕ ਜਾਣ ਵਾਲੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਵੇ। ਦੇਖਣ ਦੀ ਗਲ ਹੈ ਕਿ ਕਿਵੇਂ ਇਥੇ ਕੇਵਲ ਇੱਕ ਸਮਾਜਿਕ ਰੀਤ ਨੂੰ ਗੁਰਦੇਵ ਨੇ ਪ੍ਰਭੂ ਮਿਲਾਪ ਲਈ ਵਰਤਿਆ ਹੈ, ਪਰ ਉਸ ਰੀਤੀ ਨੂੰ ਆਧਾਰ ਬਣਾਕੇ।