(5) ਕੇਸੋ ਗੋਪਾਲ ਪੰਡਿਤ ਸਦਿਅਹੁ–ਬਾਣੀ ‘ਰਾਮਕਲੀ ਸਦੁ’ ਪੰਨਾ 923 ਦੀ ਪੰਜਵੀਂ ਪਉੜੀ `ਚ ਰੂਪਕ ਅਲੰਕਾਰ ਵਰਤ ਕੇ ਤੀਜੇ ਪਾਤਸ਼ਾਹ ਨੇ, ਕਿਸੇ ਚਲਾਣੇ ਬਾਅਦ ਮਿਰਤਕ ਸੰਸਕਾਰਾਂ ਵਜੋਂ ਪੰਡਤਾਂ, ਅਚਾਰਜੀਆਂ ਤੇ ਗਰੁੜ ਪੁਰਾਨ ਦੀ ਕਥਾ ਆਦਿ ਤੋਂ ਮਨ੍ਹਾਂ ਕੀਤਾ ਅਤੇ ਬੇਬਾਣ ਕੱਢਣੇ, ਪਿੰਡ-ਪੱਤਲ-ਕਿਰਿਆ, ਦੀਵਾ, ਹਰਦੁਆਰ ਆਦਿ ਦੇ ਕਰਮਾਂ ਨੂੰ ਫ਼ੋਕਟ ਦੱਸਿਆ ਤੇ ਫ਼ੁਰਮਾਇਆ “ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ. .” ਇਸ ਤਰ੍ਹਾਂ ਹੁਕਮ ਕੀਤਾ ਕਿ ਅਜੇਹੇ ਸਮੇਂ `ਤੇ ਕੇਵਲ ਸਾਧਸੰਗਤ ਕਰਣੀ ਅਤੇ ਗੁਰਬਾਣੀ ਦਾ ਹੀ ਕੀਰਤਨ, ਕਥਾ, ਵਿਚਾਰਾਂ ਕਰਣੀਆਂ ਤੇ ਗੁਰਬਾਣੀ ਤੋਂ ਹੀ ਸੇਧ ਲੈਣੀ ਹੈ।