Gurbani Vich Roopak Alankaar – Part-1 – 19-8-26

ਗੁਰਬਾਣੀ `ਚ ਰੂਪਕ ਅਲੰਕਾਰਾਂ ਦੀ ਵਰਤੋਂ

ਕਾਵਿ ਰਚਨਾ ਅਤੇ ਰੂਪਕ ਅਲੰਕਾਰ ਰੂਪਕ ਅੰਲਕਾਰ ਕਿਸੇ ਵੀ ਕਾਵਿ ਰਚਨਾ ਦਾ ਉਹ ਜ਼ਰੂਰੀ ਅਤੇ ਸੁਆਦਲਾ ਅੰਗ ਹੈ, ਜਦੋਂ ਕਵੀ ਆਪਣੀ ਕਿਸੇ ਗੱਲ ਨੂੰ, ਦੂਜੇ ਦੇ ਚਲਦੇ ਆ ਰਹੇ ਰੰਗ `ਚ ਰੰਗ ਕੇ ਗਲ ਕਹਿੰਦਾ ਜਾਂ ਸਪਸ਼ਟ ਕਰਦਾ ਹੈ। ਇਥੋਂ ਤੀਕ ਕਿ ਕਿਸੇ ਚਲਦੀ ਆ ਰਹੀ ਕਿਰਿਆ ਦੇ ਕਰਣ ਵਾਲੇ ਦੀ ਹੀ ਸ਼ਬਦਾਵਲੀ ਵਰਤ ਕੇ, ਕਵੀ ਆਪਣੀ ਗੱਲ ਜਾਂ ਵਿਚਾਰ ਨੂੰ ਪ੍ਰਗਟ ਕਰਦਾ ਹੈ। ਗੁਰਬਾਣੀ ਅੰਦਰ ਗੁਰੂ ਸਹਿਬਾਨ ਦੇ ਨਾਲ ਭਗਤਾਂ-ਸਿੱਖਾਂ-ਭਟਾਂ ਦੀਆਂ ਰਚਨਾਵਾਂ `ਚ ਵੀ ਰੂਪਕ ਅਲੰਕਾਰ ਬਹੁਤ ਥਾਈਂ ਵਰਤਿਆ ਹੈ ਜਿਸਨੂੰ ਪਛਾਨਣ ਦੀ ਲੋੜ ਹੈ।

ਇਸਦੇ ਨਾਲ ਨਾਲ ‘ਰੂਪਕ ਅੰਲਕਾਰ’ ਚੂੰਕਿ ਕਿਸੇ ਵੀ ਕਾਵ ਰਚਨਾ ਲਈ ਖਾਸ ਢੰਗ ਹੈ, ਇਸ ਲਈ ਕਿਸੇ ਵੀ ਅਜੇਹੀ ਰਚਨਾ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਕਾਵਿ ਤੇ ਵਾਰਤਕ ਦੇ ਮੁਢਲੇ ਫ਼ਰਕ ਨੂੰ ਸਮਝਣਾ ਅਤਿ ਜ਼ਰੂਰੀ ਹੈ। ਇੱਕ ਪਾਸੇ, ਵਾਰਤਕ `ਚ ਤਾਂ ਸਿਵਾਇ ਇਸਦੇ ਕਿ ਰਚਨਾ `ਚ ਜੇ ਕੁੱਝ ਔਖੇ ਲਫ਼ਜ਼ ਆ ਜਾਣ ਜਾਂ ਕਿਸੇ ਗੱਲ ਨੂੰ ਸਮਝਾਉਣ/ਕਹਿਣ ਲਈ ਦੂਜੀਆਂ ਭਾਸ਼ਾਵਾਂ-ਰਹਿਣੀਆਂ ਦੇ ਲਫ਼ਜ਼ ਵਰਤੇ ਹੋਣ ਤਾਂ ਉਨ੍ਹਾਂ ਲਫ਼ਜ਼ਾਂ ਦੇ ਅਰਥ ਸਮਝਣੇ ਹੁੰਦੇ ਹਨ। ਪਤਾ ਲਗ ਜਾਂਦਾ ਹੈ ਕਿ ਅਮੁੱਕੀ ਲਿਖਿਤ `ਚ ਕਿਹੜੀ ਗਲ ਕਹੀ ਹੈ, ਤੇ ਕਹਿਣ ਵਾਲਾ ਕੀ ਕਹਿ ਰਿਹਾ ਹੈ।

ਦੂਜੇ ਪਾਸੇ, ਕਾਵਿ ਰਚਨਾ ਲਈ ਇੰਨੀ ਗੱਲ ਕਾਫ਼ੀ ਨਹੀਂ। ਕਿਸੇ ਵੀ ਕਾਵਿ ਨੂੰ ਸਮਝਣ/ਸਮਝਾਉਣ ਲਈ ਉਸਦੇ ਤਿੰਨ ਹੋਰ ਪੱਖ ਵੀ ਜ਼ਰੂਰੀ ਹੁੰਦੇ ਹਨ। ਪਹਿਲਾ- ਕਾਵ ਰਚਨਾ ਦਾ ਕੇਂਦਰੀ ਭਾਵ ਅਥਵਾ ਨਿਚੋੜ (gist)। ਦੂਜਾ ਉਸਦੇ ਸ਼ਾਬਦਿਕ ਅਰਥ। ਤੀਜਾਕਵੀ ਰਾਹੀਂ ਕਹੀ ਗਲ ਦੀ ਵਿਆਖਿਆ ਜਿਹੜੀ ਕਿ ਲੋੜ ਅਨੁਸਾਰ ਲੰਮੀਂ-ਛੋਟੀ ਵੀ ਹੋ ਸਕਦੀ ਹੈ। ਜਦਕਿ ਗੁਰਬਾਣੀ ਲਈ ਇੰਨਾਂ ਤਿੰਨਾਂ ਤੋਂ ਇਲਾਵਾ ਇੱਕ ਚੌਥੀ ਗਲ ਵੀ ਲਾਗੂ ਹੁੰਦੀ ਹੈ ਉਹ ਕਿ ਗੁਰਬਾਣੀ ਕੇਵਲ ਕਵਿਤਾ ਹੀ ਨਹੀਂ, ਰੱਬੀ ਜੀਵਨ ਗਿਆਨ ਵੀ ਹੈ ਜਿਸ ਨਾਲ ਸਾਡੇ ਪਲ-ਪਲ ਦੇ ਜੀਵਨ ਤੇ ਸੁਆਸਾਂ ਦਾ ਸਿੱਧਾ ਸੰਬੰਧ ਹੈ। ਇਹੀ ਕਾਰਨ ਹੈ ਕਿ ਜਦੋਂ ਗੁਰਬਾਣੀ ਨੂੰ ਸਮਝਣ ਲਈ ਵੀ ਅਸੀਂ ਉਪਰਲੀਆਂ ਤਿੰਨਾਂ ਗਲਾਂ ਤੀਕ ਹੀ ਅਟਕੇ ਰਹਿ ਜਾਂਦੇ ਹਾਂ ਤਾਂ ਗੁਰਬਾਣੀ ਵਾਲੀ ਲੋੜ ਸਾਡੇ ਜੀਵਨ `ਚ ਨਹੀਂ ਉਤਰਦੀ ਅਤੇ ਸਾਡਾ ਜੀਵਨ ਅਗੇ ਨਹੀਂ ਵਧਦਾ। ਅੱਜ ਬਹੁਤਾ ਕਰਕੇ ਸੰਗਤਾਂ ਬਲਕਿ ਕਥਾਵਾਚਕਾਂ ਤੀਕ ਦੀ ਪੱਧਰ `ਤੇ ਵੀ ਇਹੀ ਕੁੱਝ ਹੋ ਰਿਹਾ ਹੈ। ਦੂਜੇ ਪਾਸੇ ਗੁਰਬਾਣੀ ਪੜ੍ਹਣ-ਸੁਨਣ-ਸਮਝਣ ਵੇਲੇ ਜੇਕਰ ਇਸ ਦਾ ‘ਗਿਆਨ’ ਵਾਲਾ ਪੱਖ ਵੀ ਸਾਡੇ ਵਿਚਾਰ ਤੇ ਸੁਰਤ `ਚ ਹੋਵੇ ਤਾਂ ਜਿਨ੍ਹਾਂ ਵੀ ਗਹਿਰਾਈ ਵਲ ਵਧਾਂਗੇ ਇਹ ਗਹਿਰਾਈ ਅਥਾਹ ਨਜ਼ਰ ਆਵੇਗੀ। ਬਲਕਿ ਇਸ ਨਾਲ ਸਾਡੇ ਜੀਵਨ `ਚੋਂ ਤ੍ਰਿਸ਼ਨਾ, ਭਟਕਣਾ, ਨਿਰਾਸ਼ਾ, ਆਸਾ-ਮਨਸਾ, ਕਲੇਸ਼-ਖਿਚਾਤਾਣੀਆਂ ਦੀ ਦੌੜ ਖਤਮ ਹੁੰਦੀ ਜਾਵੇਗੀ ਅਤੇ ਜੀਵਨ `ਚ ਸਦੀਵੀ ਆਨੰਦ ਹੀ ਪੈਦਾ ਹੁੰਦਾ ਜਾਵੇਗਾ।

You may also like these